‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਵੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਾ ਆਪਸੀ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਇਹ ਇੱਕ-ਦੂਸਰੇ ‘ਤੇ ਲੜਾਕੂ ਗੁਆਂਢੀਆਂ ਵਾਂਗ ਤੂੰ-ਤੂੰ, ਮੈਂ-ਮੈਂ ਸ਼ੁਰੂ ਕਰ ਦਿੰਦੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਫ਼ਗਾਨਿਸਤਾਨ ਦੇ ਨਾਲ ਲੱਗਣ ਵਾਲੀ ਵਿਵਾਦਿਤ ਡੂਰੰਡ ਲਾਈਨ ‘ਤੇ ਕੰਡਿਆਲੀਆਂ ਤਾਰਾਂ ਦੀ ਜੋ ਵਾੜ ਬਣਾ ਰਹੀ ਹੈ, ਉਸਨੂੰ ਤਾਲਿਬਾਨ ਦੀ ਸਹਿਮਤੀ ਦੇ ਨਾਲ ਪੂਰਾ ਕਰ ਲਿਆ ਜਾਵੇਗਾ।

ਸ਼ੇਖ ਰਸ਼ੀਦ ਨੇ ਦੱਸਿਆ ਕਿ ਇਸ ਸੀਮਾ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 2600 ਕਿਲੋਮੀਟਰ ਵਾਲੀ ਡੂਰੰਡ ਲਾਈਨ ਦੇ ਬਾਕੀ ਬਚੇ 21 ਕਿਲੋਮੀਟਰ ਸਰਹੱਦੀ ਖੇਤਰ ਵਿੱਚ ਵੀ ਯੋਜਨਾ ਦੇ ਅਨੁਸਾਰ ਵਾੜ ਲਗਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਹਾਲਾਂਕਿ, ਅਫ਼ਗਾਨਿਸਤਾਨ ਇਸ ਸੀਮਾ ਨੂੰ ਲੈ ਕੇ ਵਿਰੋਧ ਦਰਜ ਕਰਦਾ ਰਿਹਾ ਹੈ ਕਿਉਂਕਿ ਬ੍ਰਿਟਿਸ਼ ਰਾਜ ਦੌਰਾਨ ਖਿੱਚੀ ਗਈ ਇਸ ਸੀਮਾ ਰੇਖਾ ਨੇ ਪਸ਼ਤੂਨ ਕਬੀਲਿਆਂ ਨੂੰ ਵੰਡ ਦਿੱਤਾ ਹੈ।

ਪਿਛਲੇ ਕੁੱਝ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ ਜਿਸ ਵਿੱਚ ਕਥਿਤ ਰੂਪ ਨਾਲ ਤਾਲਿਬਾਨ ਲੜਾਕੇ ਕੰਡਿਆਲੀਆਂ ਤਾਰਾਂ ਦੀ ਵਾੜ ਨੂੰ ਉਖੇੜਦੇ ਨਜ਼ਰ ਆਏ। ਹਾਲ ਹੀ ਵਿੱਚ ਟਵਿੱਟਰ ‘ਤੇ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਅਫ਼ਗਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖ਼ਵਾਰਜ਼ਮੀ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਇਸ ਸੀਮਾ ‘ਤੇ ਵਾੜ ਲਗਾ ਕੇ ਬਟਵਾਰਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੇ ਇਸ ਕਦਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਅਫ਼ਗਾਨਿਤਸਾਨ ਦੀ ਤਾਲਿਬਾਨ ਸਰਕਾਰ ਨੇ ਬੀਤੀ ਚਾਰ ਜਨਵਰੀ ਨੂੰ ਕਿਹਾ ਹੈ ਕਿ ਸੀਮਾ ਨਾਲ ਜੁੜੇ ਮਸਲਿਆਂ ਨੂੰ ਡਿਪਲੋਮੈਟਿਕ ਚੈਨਲ ਦੇ ਜ਼ਰੀਏ ਸੁਲਝਾਇਆ ਜਾਵੇਗਾ।

ਕੀ ਹੈ ਵਿਵਾਦ ?

ਇਹ ਸੀਮਾ ਸਮਝੌਤਾ ਬ੍ਰਿਟਿਸ਼ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਸੀ। ਇਸ ਲਈ ਇਹ ਇਕਰਾਰਨਾਮਾ ਵੀ ਬ੍ਰਿਟਿਸ਼ ਸਰਕਾਰ ਦੇ ਅੰਤ ਨਾਲ ਖਤਮ ਹੋ ਗਿਆ। ਬਹੁਤ ਸਾਰੇ ਅਫਗਾਨ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਵਿਰਾਸਤ ਵਿੱਚ ਮਿਲੀ ਸੱਤਾ ਵਿੱਚ ਵਿਸ਼ਵਾਸ ਨਹੀਂ ਰੱਖਦੇ, ਤਾਂ ਉਹ ਇਸ ਵਿਚਾਰ ਨੂੰ ਕਿਵੇਂ ਸਵੀਕਾਰ ਕਰਨਗੇ? ਉਨ੍ਹੀਵੀਂ ਸਦੀ ਵਿੱਚ ਅਫਗਾਨਿਸਤਾਨ ਅਤੇ ਰੂਸ ਦਰਮਿਆਨ ਸੀਮਾਬੰਦੀ ਨੂੰ ਬਰਤਾਨੀਆ ਅਤੇ ਰੂਸ ਨੇ ਅਫਗਾਨਿਸਤਾਨ ਦੀ ਇੱਛਾ ਜਾਣੇ ਬਿਨਾਂ ਲਾਗੂ ਕਰ ਦਿੱਤਾ ਸੀ। ਜਦੋਂ ਕਿ ਅਫਗਾਨਿਸਤਾਨ ਅਤੇ ਇਰਾਨ ਦੀ ਸਰਹੱਦੀ ਸੀਮਾਬੰਦੀ ਦੀ ਪ੍ਰਕਿਰਿਆ ਵੀ ਅਫਗਾਨਿਸਤਾਨ ਨੂੰ ਬਾਹਰ ਰੱਖ ਕੇ ਕੀਤੀ ਗਈ ਸੀ ਅਤੇ ਇਹ ਹੱਦਬੰਦੀ ਬਰਤਾਨੀਆ ਅਤੇ ਇਰਾਨ ਵਿਚਕਾਰ ਸਮਝੌਤੇ ਵਜੋਂ ਲਾਗੂ ਕੀਤੀ ਗਈ ਸੀ।

ਪੰਜ ਸਮਝੌਤੇ

ਡੁਰੰਡ ਲਾਈਨ ਇਕਮਾਤਰ ਸੀਮਾ ਰੇਖਾ ਹੈ, ਜਿਸ ਦਾ ਫੈਸਲਾ ਅਫਗਾਨ ਬਾਦਸ਼ਾਹ ਦੁਆਰਾ ਕੀਤਾ ਗਿਆ ਸੀ ਅਤੇ ਲਗਾਤਾਰ ਤਿੰਨ ਸਮਰਾਟਾਂ ਨੇ 37 ਸਾਲਾਂ ਦੇ ਅਰਸੇ ਵਿੱਚ ਇਸ ਸਬੰਧ ਵਿਚ ਪੰਜ ਸਮਝੌਤੇ ਸਵੀਕਾਰ ਕੀਤੇ ਸਨ। ਉਨ੍ਹਾਂ ਨੇ ਈਰਾਨ ਨਾਲ ਲੱਗਦੀ ਪੱਛਮੀ ਸਰਹੱਦ ਨੂੰ ਚੁਣੌਤੀ ਨਹੀਂ ਦਿੱਤੀ, ਸਗੋਂ ਹਰ ਵਾਰ ਡੂਰੰਡ ਲਾਈਨ ਨੂੰ ਚੁਣੌਤੀ ਦਿੱਤੀ।

Leave a Reply

Your email address will not be published. Required fields are marked *