‘ਦ ਖ਼ਾਲਸ ਬਿਊਰੋ : ਸੁਖਬੀਰ ਸਿੰਘ ਬਾਦਲ ਨੇ ਮੁਹੱਲਾ ਕਲੀਨਿਕਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕੀ ਕੋਈ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਉਹਨਾਂ ਦੇ ਸਾਜੇ ਪੰਜ ਪਿਆਰਿਆਂ ਦੀਆਂ ਤਸਵੀਰਾਂ ‘ਤੇ ਆਪਣੀ ਫੋਟੋ ਜਾਂ ਪਾਰਟੀ ਦਾ ਨਾਮ ਲਗਾ ਸਕਦਾ ਹੈ? ਭਗਵੰਤ ਮਾਨ ਨੇ ਅਜਿਹਾ ਸ. ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ 1999 ਵਿੱਚ ਖਾਲਸੇ ਦੇ ਜਨਮ ਦੀ ਤੀਜੀ ਸ਼ਤਾਬਦੀ ਮੌਕੇ 5 ਪਿਆਰਿਆਂ ਦੇ ਨਾਮ ‘ਤੇ ਬਣਾਏ 5 ਸੈਟੇਲਾਈਟ ਹਸਪਤਾਲਾਂ ਦੇ ਨਾਮ ਨਾਲ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਨੱਚਦਿਆਂ ਕੀਤੀ ਇਸ ਬੇਅਦਬੀ ਦੀ ਜ਼ੋਰਦਾਰ ਨਿੰਦਾ ਅਤੇ ਵਿਰੋਧ ਹੋਣਾ ਚਾਹੀਦਾ ਹੈ। ਮੈਂ ਕੇਜਰੀਵਾਲ ਨੂੰ ਵੀ ਚੇਤਾਵਨੀ ਦਿੰਦਾ ਹਾਂ ਕਿ ਉਹ ਸਿੱਖ ਵਿਰਾਸਤ ਦੇ ਅਜਿਹੇ ਅਪਮਾਨ ਨੂੰ ਬੰਦ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਮੁਹੱਲਾ ਕਲੀਨਿਕਾਂ ਦਾ ਵਿਰੋਧ ਕੀਤਾ।
ਸੂਬਾ ਸਰਕਾਰ ਵੱਲੋਂ 500 ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਕਰਨ ਦੇ ਵਿਰੋਧ ਵਿੱਚ ਅੱਜ ਪਿੰਡ ਭੈਣੀ ਬਾਘਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਵਿਗਿਆਨ ਦੇ ਯੁੱਗ ਵਿੱਚ ਸਿਹਤ ਸੇਵਾਵਾਂ ਵਿੱਚ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਲੋਕ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਬੈਠੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਮ ਆਦਮੀ ਕਲੀਨਿਕਾਂ ਦੇ ਨਾਮ ਉੱਤੇ ਆਪਣਾ ਪ੍ਰਚਾਰ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਭੈਣੀ ਬਾਘਾ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਨਾਲ ਆਸ ਪਾਸ ਦੇ ਤਕਰੀਬਨ 11 ਪਿੰਡ ਜੁੜੇ ਹੋਏ ਹਨ ਪਰ ਅਫ਼ਸੋਸ ਹੈ ਕਿ ਸੈਂਟਰ ਵਿੱਚ ਫਾਰਮੈਸੀ ਅਫਸਰ, ਆਯੂਰਵੈਦਿਕ ਮੈਡੀਕਲ ਅਫਸਰ, ਲੈਬ ਟੈਕਨੀਸ਼ੀਅਨ, ਸਟਾਫ਼ ਨਰਸ ਅਤੇ ਸਫਾਈ ਸੇਵਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ ਦੀਆਂ ਅਸਾਮੀਆਂ ਭਰਨ ਦੀ ਬਜਾਏ ਆਪਣੇ ਨਾਮ ਉੱਤੇ ਅੰਧਾਧੁੰਦ ਪ੍ਰਚਾਰ ਕਰ ਰਹੀ ਹੈ। ਆਮ ਆਦਮੀ ਕਲੀਨਿਕ ਬਣਨ ਨਾਲ ਸਰਕਾਰ ਰੈਗੂਲਰ ਅਸਾਮੀਆਂ ਨੂੰ ਖਤਮ ਕਰਕੇ ਕੰਟ੍ਰੈਕਟ ਉੱਤੇ ਕਾਮੇ ਭਰਤੀ ਕਰਨਾ ਚਾਹੁੰਦੀ ਹੈ, ਜਿਸਦਾ ਸਬੂਤ ਬੀਤੇ ਦਿਨੀਂ ਡਾਕਟਰਾਂ, ਫਾਰਮਾਸਿਸਟਾਂ ਅਤੇ ਦਰਜਾ ਕਰਮਚਾਰੀਆਂ ਨੂੰ ਡੈਪੂਟੇਸ਼ਨ ਉੱਤੇ ਭੇਜਣ ਤੋਂ ਮਿਲਦਾ ਹੈ। ਉਨ੍ਹਾਂ ਨੇ ਮੰਗ ਪੱਤਰ ਰਾਹੀ ਪੁਰਾਣੀਆਂ ਪਈਆਂ ਖਾਲੀ ਅਸਾਮੀਆਂ ਨੂੰ ਜਲਦ ਭਰਨ, ਰੈਗੂਲਰ ਸਟਾਫ ਨੂੰ ਡੂਪੈਟੇਸ਼ਨ ਉੱਤੇ ਭੇਜਣਾ ਬੰਦ ਕਰਨ ਅਤੇ ਨਾਮ ਨਾ ਬਦਲਣ ਦੀ ਮੰਗ ਕੀਤੀ ਹੈ।