Punjab

2 ਮਹੀਨੇ ਬਾਅਦ ਵਿਦਿਆਰਥਣ ਦੀ ਮੌਤ ਦੇ ਮਾਮਲੇ ‘ਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਖਿਲਾਫ ਵੱਡੀ ਕਾਰਵਾਈ !

ਬਿਉਰੋ ਰਿਪੋਰਟ : 2 ਮਹੀਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਇਲਜ਼ਾਮ ਲੱਗਣ ਤੋਂ ਬਾਅਦ ਉਹ ਜਾਂਚ ਦੌਰਾਨ ਛੁੱਟੀ ‘ਤੇ ਚੱਲ ਰਹੇ ਸਨ । ਪੰਜਾਬੀ ਯੂਨੀਵਰਸਿਟੀ ਨੇ ਪ੍ਰੋ. ਸੁਰਜੀਤ ਸਿੰਘ ਦੇ ਵੱਲੋਂ ਚਾਰਜਸ਼ੀਟ ਦਾ ਜੁਆਬ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਸੇਵਾਮੁਕਤ ਜ਼ਿਲ੍ਹਾ ਸੈਸ਼ਨ ਜੱਜ ਵੀ.ਕੇ. ਗੁਪਤਾ ਦੇ ਹਵਾਲੇ ਕਰ ਦਿੱਤੀ ਹੈ।

ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਪ੍ਰੋ. ਸੁਰਜੀਤ ਸਿੰਘ ਦੀ ਮੁਅੱਤਲੀ ਦਾ ਹੁਕਮ ਜਾਰੀ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਪ੍ਰੋ. ਸੁਰਜੀਤ ਸਿੰਘ ਦਾ ਹੈੱਡ ਕੁਆਰਟਰ ਯੂਨੀਵਰਸਿਟੀ ਕਾਲਜ ਘਨੌਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਹਿੰਸਾ ਕਰਨ ਦੇ ਮਾਮਲੇ ਦੀ ਜਾਂਚ ਅਗਲੇ ਪੜਾਅ ਵਿੱਚ ਪਹੁੰਚ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਉਹ ਹਰ ਗ਼ਲਤੀ ਕਰਨ ਵਾਲੇ ਅਧਿਆਪਕ, ਮੁਲਾਜ਼ਮ ਅਤੇ ਵਿਦਿਆਰਥੀ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵਚਨਬੱਧ ਹਨ ਤਾਂ ਜੋ ਯੂਨੀਵਰਸਿਟੀ ਦਾ ਅਨੁਸ਼ਾਸਨ ਕਾਇਮ ਰਹੇ।

ਵਿਦਿਆਰਥੀਆਂ ਨੇ ਪ੍ਰੋ ਸੁਰਜੀਤ ਦੇ ਵਤੀਰੇ ਦੀ ਸ਼ਿਕਾਇਤ ਕੀਤੀ ਸੀ

ਇਲਜ਼ਾਮਾਂ ਮੁਤਾਬਿਕ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਸਾਹ ਦੀ ਪਰੇਸ਼ਾਨੀ ਸੀ ਉਸ ਨੇ ਪ੍ਰੋਫੈਸਰ ਸੁਰਜੀਤ ਕੋਲੋ ਛੁੱਟੀ ਮੰਗੀ ਪਰ ਪ੍ਰੋਫੈਸਰ ਨੇ ਉਸ ਨੂੰ ਛੁੱਟੀ ਦੇਣ ਤੋਂ ਮਨਾ ਕਰ ਦਿੱਤਾ । ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਘਰ ਭੇਜਿਆ ਜਿੱਥੇ ਉਸ ਦੀ ਮੌਤ ਹੋ ਗਈ । ਇਸ ਪੂਰੀ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿੱਚ ਕਾਫੀ ਹੰਗਮਾ ਹੋਇਆ ਸੀ । ਵਿਦਿਆਰਥੀਆਂ ਨੇ ਪ੍ਰੋਫੈਸਰ ਸੁਰਜੀਤ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕੁੱਟਮਾਰ ਵੀ ਕੀਤੀ ਜਿਸ ਤੋਂ ਬਾਅਦ ਜਾਂਚ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ।

ਸੁਰਜੀਤ ਸਿੰਘ ਖ਼ਿਲਾਫ਼ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਢਲੀ ਜਾਂਚ ਸੇਵਾਮੁਕਤ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਨੇ ਕੀਤੀ ਸੀ। ਉਸ ਉਪਰੰਤ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਪ੍ਰੋ. ਸੁਰਜੀਤ ਸਿੰਘ ਨੂੰ ਚਾਰਜਸ਼ੀਟ ਦਾ ਜੁਆਬ ਦੇਣ ਲਈ 15 ਦਿਨ ਦਿੱਤੇ ਗਏ ਸਨ। ਹੁਣ ਪ੍ਰੋ. ਸੁਰਜੀਤ ਸਿੰਘ ਦਾ ਜੁਆਬ ਆਉਣ ਉਪਰੰਤ ਯੂਨੀਵਰਸਿਟੀ ਨੇ ਅਗਲੀ ਕਾਰਵਾਈ ਲਈ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਪ੍ਰੋ. ਸੁਰਜੀਤ ਸਿੰਘ ਦਾ ਵਿਦਿਆਰਥੀਆਂ ਨਾਲ ਵਿਹਾਰ ‘ਮਾੜਾ, ਰੁੱਖਾ ਅਤੇ ਫਾਹਿਸ਼’ ਹੈ ਜੋ ਅਧਿਆਪਕ ਦੇ ਅਹੁਦੇ ਨਾਲ ਮੇਲ਼ ਨਹੀਂ ਖਾਂਦਾ।ਪ੍ਰੋ. ਸੁਰਜੀਤ ਸਿੰਘ ਵੱਲੋਂ ਚਾਰਜਸ਼ੀਟ ਦਾ ਜੁਆਬ ਦਰਜ ਕਰਵਾਏ ਜਾਣ ਤੋਂ ਬਾਅਦ ਪਾਇਆ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨੀ ਬਣਦੀ ਹੈ। ਅਗਲੀ ਕਾਰਵਾਈ ਤੋਂ ਪਹਿਲਾਂ ਛੁੱਟੀ ਉੱਤੇ ਚੱਲ ਰਹੇ ਪ੍ਰੋ. ਸੁਰਜੀਤ ਸਿੰਘ ਨੂੰ 8 ਨਵੰਬਰ 2023 ਤੋਂ ਅਗਲੇ ਆਦੇਸ਼ਾਂ ਤੱਕ ਤੁਰੰਤ ਮੁਅੱਤਲ’ ਕਰ ਦਿੱਤਾ ਗਿਆ ਹੈ।

ਹਮਲਾ ਕਰਨ ਵਾਲੇ ਵਿਦਿਆਰਥੀਆਂ ਖਿਲਾਫ ਵੀ ਹੋਵੇਗੀ ਕਾਰਵਾਈ

ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਚੱਲ ਰਹੀ ਜਾਂਚ ਵੀ ਅਗਲੇ ਪੜਾਅ ਵੱਲ ਵਧ ਰਹੀ ਹੈ। ਸੁਰੱਖਿਆ ਅਮਲੇ ਵੱਲੋਂ ਵਾਕਿਆਤ ਦੇ ਦਿਨ ਦੀ ਤਫ਼ਸੀਲ ਅਤੇ ਸਮੱਗਰੀ ਮੁਹੱਈਆ ਕੀਤੀ ਗਈ ਸੀ ਜਿਸ ਦੀ ਬੁਨਿਆਦ ਉੱਤੇ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੌਕੇ ਦੇ ਵੀਡੀਓ ਅਤੇ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਦੇ ਆਧਾਰ ਉੱਤੇ ਹਿੰਸਾ ਕਰਨ ਵਿੱਚ ਸ਼ਾਮਿਲ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਿੰਸਾ ਵਿੱਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀ ਵਾਰਦਾਤ ਦੇ ਦੁਬਾਰਾ ਹੋਣ ਦੀ ਸੰਭਾਵਨਾ ਉੱਤੇ ਰੋਕ ਲਗਾਈ ਜਾ ਸਕੇ ਅਤੇ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਕਾਇਮ ਰਹੇ।