ਚੰਡੀਗੜ੍ਹ : ਸੂਬੇ ਦੀ ਰਾਜਧਾਨੀ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿੱਚ ਪ੍ਰੋਫੈਸਰ ਰੇਣੂ ਚੀਮਾ ਵਿਗ ਦੀ ਸਥਾਈ ਉਪ ਕੁਲਪਤੀ ਨਜੋਂ ਨਿਯੁਕਤੀ ਹੋਈ ਹੈ।ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪ੍ਰੋਫੈਸਰ ਰੇਣੂ ਚੀਮਾ ਵਿਗ ਨੂੰ ਪੰਜਾਬ ਯੂਨੀਵਰਸਿਟੀ ਦਾ ਸਥਾਈ ਉਪ ਕੁਲਪਤੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰੋਫੈਸਰ ਰੇਣੂ ਵਿਗ ਯੂਨੀਵਰਸਿਟੀ ਇੰਸਟ੍ਰਕਸ਼ਨ (DUI) ਦੇ ਡੀਨ ਸਨ।
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਨੂੰ ਪੰਜਾਬ ਯੂਨੀਵਰਸਿਟੀ ਐਕਟ, 1947 ਦੀ ਧਾਰਾ 10 ਅਧੀਨ ਨਿਯੁਕਤੀ ਕਰਨ ਲਈ ਸ਼ਕਤੀਆਂ ਪ੍ਰਾਪਤ ਹਨ,ਜਿਹਨਾਂ ਦੀ ਵਰਤੋਂ ਕਰਦਿਆਂ, ਉਹਨਾਂ ਪ੍ਰੋਫੈਸਰ ਵਿਗ ਨੂੰ ਉਪ ਕੁਲਪਤੀ ਨਿਯੁਕਤ ਕੀਤਾ ਹੈ।ਪ੍ਰੋਫੈਸਰ ਵਿਗ ਦੇ ਉਪ ਕੁਲਪਤੀ ਦੇ ਤੌਰ ‘ਤੇ ਇਸ ਅਹੁਦੇ ‘ਤੇ ਬਣੇ ਰਹਿਣ ਦੀ ਮਿਆਦ 3 ਸਾਲ ਦੀ ਹੋਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਰਜਕਾਰੀ ਉਪ ਕੁਲਪਤੀ ਵਜੋਂ ਨਿਯੁਕਤ ਕੀਤਾ ਗਿਆ ਸੀ। ਰੇਣੂ ਵਿਗ ਨੂੰ 16 ਜਨਵਰੀ 2016 ਨੂੰ ਪ੍ਰੋਫੈਸਰ ਰਾਜ ਕੁਮਾਰ ਵੱਲੋਂ ਵਾਈਸ-ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਮਿਲਿਆ ਸੀ। ਕਰੀਬ ਢਾਈ ਮਹੀਨਿਆਂ ਬਾਅਦ ਹੁਣ ਉਨ੍ਹਾਂ ਨੂੰ ਸਥਾਈ ਵਾਈਸ ਚਾਂਸਲਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਉਪ ਰਾਸ਼ਟਰਪਤੀ ਨੇ ਉਪ ਕੁਲਪਤੀ ਦੀ ਨਿਯੁਕਤੀ ਲਈ ਤਿੰਨ ਮੈਂਬਰੀ ਖੋਜ-ਕਮ-ਚੋਣ ਕਮੇਟੀ ਦਾ ਗਠਨ ਕੀਤਾ ਸੀ। ਇਸ ਦੀ ਸਿਫਾਰਿਸ਼ ਦੇ ਆਧਾਰ ‘ਤੇ ਪ੍ਰੋਫੈਸਰ ਰੇਣੂ ਵਿਗ ਨੂੰ ਵਾਈਸ ਚਾਂਸਲਰ ਬਣਾਇਆ ਗਿਆ ਹੈ। ਉਪ-ਰਾਸ਼ਟਰਪਤੀ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ।