Punjab

ਵਾਹਨ ਚੋਰੀ ਕਰਨ ਵਾਲਾ ਗਿਰੋਹ ਆਇਆ ਪੁਲਿਸ ਅੜਿਕੇ,ਨਸ਼ੇ ਦੀਆਂ ਲੋੜਾਂ ਨੇ ਕੀਤਾ ਆਹ ਕੰਮ ਕਰਨ ਲਈ ਮਜ਼ਬੂਰ

ਚੰਡੀਗੜ੍ਹ ਪੁਲਿਸ ਨੇ ਇੱਕ ਅਹਿਮ ਕਾਮਯਾਬੀ ਹਾਸਲ ਕਰਦੇ ਹੋਏ ਚੰਡੀਗੜ੍ਹ-ਮੁਹਾਲੀ ਵਿੱਚ ਸਰਗਰਮ ਦੁਪਹੀਆ ਵਾਹਨ ਚੋਰੀ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਨੂੰ ਕਾਬੂ ਕੀਤਾ ਹੈ। ਇਹਨਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਇਹਨਾਂ ਕੋਲੋਂ 9 ਦੁਪਹੀਆ ਵਾਹਨ ਬਰਾਮਦ ਹੋਏ ਹਨ।

ਸੈਕਟਰ 17 ਥਾਣਾ ਪੁਲਸ ਨੂੰ ਇਸ ਗਿਰੋਹ ਦੇ ਸੰਬੰਧ ਵਿੱਚ ਖੁਫੀਆ ਸੂਚਨਾ ਮਿਲੀ ਸੀ ,ਜਿਸ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।  ਪੁੱਛਗਿੱਛ ਕਰਨ ਤੋਂ ਬਾਅਦ ਪਹਿਲਾਂ ਇਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਕੀਤੀ ਹਿਮਾਚਲ ਪ੍ਰਦੇਸ਼ ਨੰਬਰ ਵਾਲੀ ਬੁਲੇਟ ਮੋਟਰਸਾਈਕਲ ਬਰਾਮਦ ਹੋਈ। ਇਸ ਦੇ ਨਾਲ ਹੀ ਇਹਨਾਂ ਕੋਲੋਂ ਪੰਜਾਬ ਅਤੇ ਚੰਡੀਗੜ੍ਹ ਨੰਬਰ ਵਾਲੇ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਿਹਨਾਂ ਵਿੱਚ ਵਾਹਨਾਂ ਸਬੰਧੀ ਕੋਈ ਦਸਤਾਵੇਜ਼ ਜਾਂ ਜਾਣਕਾਰੀ ਨਹੀਂ ਸੀ। ਇਸ ਸਥਿਤੀ ਵਿੱਚ ਇਨ੍ਹਾਂ ਦੋਪਹੀਆ ਵਾਹਨਾਂ ਨੂੰ ਸੀਆਰਪੀਸੀ 102 ਤਹਿਤ ਜ਼ਬਤ ਕੀਤਾ ਗਿਆ ਹੈ।

ਪੁਲੀਸ ਨੇ ਇਹਨਾਂ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ,ਜਿੱਥੇ ਇਹਨਾਂ ‘ਚੋਂ ਇੱਕ ਨੂੰ ਨਿਆਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ। ਜਦਕਿ ਬਾਕੀ ਦੋ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 4 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ।

ਫਿਲਹਾਲ ਪੁਲਿਸ ਨੂੰ ਕੁੱਲ 9 ਦੋਪਹੀਆ ਵਾਹਨਾਂ ਵਿੱਚੋਂ 5 ਦੇ ਸਬੰਧ ਵਿੱਚ ਹੀ ਚੋਰੀ ਦੀਆਂ ਸ਼ਿਕਾਇਤਾਂ ਦੀ ਸੂਚਨਾ ਮਿਲੀ ਹੈ। ਹਿਮਾਚਲ ਪ੍ਰਦੇਸ਼ ਦੇ ਰਾਇਲ ਐਨਫੀਲਡ ਨੰਬਰ ਦੀ ਚੋਰੀ ਦਾ ਮਾਮਲਾ 24 ਮਾਰਚ ਨੂੰ ਸੈਕਟਰ 17 ਦੇ ਥਾਣੇ ਵਿੱਚ ਦਰਜ ਹੋਇਆ ਸੀ। ਅਤੇ ਬਾਕੀ 4 ਹੌਂਡਾ ਐਕਟਿਵਾ ਹਨ ਜੋ ਕਿ ਫਰਵਰੀ 2022 ਤੋਂ ਨਵੰਬਰ 2022 ਵਿਚਾਲੇ ਚੋਰੀ ਹੋਈਆਂ ਸੀ। ਬਾਕੀ 3 ਹੋਰ ਮੋਟਰਸਾਈਕਲਾਂ ਅਤੇ ਇਕ ਹੌਂਡਾ ਐਕਟਿਵਾ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਇੱਕ ਚੰਡੀਗੜ੍ਹ ਨੰਬਰ ਦਾ ਮੋਟਰਸਾਈਕਲ, ਇੱਕ ਪੰਜਾਬ ਨੰਬਰ ਦਾ ਅਤੇ ਇੱਕ ਹਰਿਆਣਾ ਨੰਬਰ ਦਾ ਹੈ ਅਤੇ ਐਕਟਿਵਾ ਪੰਜਾਬ ਨੰਬਰ ਦੀ ਹੈ।

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਹਾਲੀ ਦੇ ਬਲੌਂਗੀ ਵਿੱਚ ਇੱਕ ਪੀਜੀ ਵਿੱਚ ਰਹਿੰਦੇ ਤਿੰਨੋਂ ਮੁਲਜ਼ਮ ਦੋਪਹੀਆ ਵਾਹਨ ਚੋਰੀ ਕਰਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਪਿੰਡ ਲਿਆ ਕੇ ਵੇਚਦਾ ਸੀ। ਵਾਹਨਾਂ ਨੂੰ ਵੇਚ ਕੇ ਇਹ ਆਪਣੀਆਂ ਨਸ਼ੇ ਦੀਆਂ ਲੋੜਾਂ ਪੂਰੀਆਂ ਕਰਦੇ ਸਨ।