‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਦੇ ਸੰਕਟ ਵਿੱਚ ਇਕ ਚੰਗੀ ਖਬਰ ਆ ਰਹੀ ਹੈ ਕਿ ਪੰਜਾਬੀ ਹੁਣ ਝੋਨਾਂ ਲਾਉਣ ਤੋਂ ਮੂੰਹ ਮੋੜ ਰਹੇ ਹਨ। ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਦੇ ਆਮਦਨੀ ਮਹਿਕਮੇ ਵੱਲੋਂ ਕਰਵਾਏ ਗਏ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਇਸ ਵਾਰ ਝੋਨੇ ਹੇਠਲਾ ਰਕਬਾ 2,05,000 ਏਕੜ ਯਾਨੀ ਕਿ 83 ਹਜ਼ਾਰ ਹੈਕਟੇਅਰ ਘਟਿਆ ਹੈ। ਲੰਘੇ ਸਾਲ ਪੰਜਾਬ ਵਿੱਚ 77 ਲੱਖ 81 ਹਜ਼ਾਰ ਏਕੜ ਯਾਨੀ ਕਿ 32 ਲੱਖ 49 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨਾ ਲਾਇਆ ਗਿਆ ਸੀ ਪਰ ਇਸ ਵਾਰ ਪੰਜਾਬ ਵਿੱਚ 75 ਲੱਖ 76 ਹਜ਼ਾਰ ਏਕੜ ਯਾਨੀ ਕਿ 30 ਲੱਖ 66 ਲੱਖ ਹੈਕਟੇਅਰ ਵਿੱਚ ਝੋਨਾ ਬੀਜਿਆ ਹੈ।
ਇਸ ਸਰਵੇ ਮੁਤਾਬਿਕ ਇਸ ਵਾਰ ਪੰਜਾਬ ਵਿੱਚ 1 ਲੱਖ 28 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿੱਕਲ ਕੇ ਕਪਾਹ ਲਈ ਵਰਤਿਆ ਜਾਣ ਲੱਗਾ ਹੈ।ਇਸੇ ਤਰ੍ਹਾਂ 44 ਹਜ਼ਾਰ 5 ਏਕੜ ਰਕਬਾ ਝੋਨੇ ਹੇਠੋਂ ਨਿੱਕਲ ਕੇ ਮੱਕੀ ਅਤੇ 32 ਹਜ਼ਾਰ ਏਕੜ ਰਕਬਾ ਹੋਰਨਾਂ ਫਸਲਾ ਲਈ ਵਰਤਿਆ ਗਿਆ ਹੈ।ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਤੋਂ ਝੋਨੇ ਹੇਠ ਰਕਬਾ ਲਗਾਤਾਰ ਵਧਦਾ ਆ ਰਿਹਾ ਸੀ।
ਸਰਵੇ ਮੁਤਾਬਿਕ ਸਾਲ 2016 ਵਿੱਚ 75 ਲੱਖ 26 ਹਜ਼ਾਰ ਏਕੜ, ਸਾਲ 2017 ਵਿੱਚ 75 ਲੱਖ 73 ਹਜ਼ਾਰ ਏਕੜ, ਸਾਲ 2018 ਵਿੱਚ 76 ਲੱਖ 67 ਹਜ਼ਾਰ ਏਕੜ, ਸਾਲ 2019 ਵਿੱਚ 77 ਲੱਖ 64 ਹਜ਼ਾਰ ਏਕੜ ਤੇ ਸਾਲ 2020 ਵਿੱਚ 77 ਲੱਖ 81 ਹਜ਼ਾਰ ਏਕੜ ਰਕਬੇ ਵਿੱਚ ਝੋਨੇ ਦੀ ਫਸਲ ਸੀ ਪਰ ਇਸ ਵਾਰ ਪੰਜਾਬ ਵਿੱਚ ਝੋਨੇ ਹੇਠਲਾ ਰਕਬਾ 2 ਲੱਖ 05 ਏਕੜ ਘਟ ਕੇ 75 ਲੱਖ 76 ਹਜਾਰ ਏਕੜ ਹੋ ਗਿਆ ਹੈ।
ਦੱਸ ਦਈਏ ਕਿ ਪੰਜਾਬ ਨੂੰ ਆਪਣੇ ਜ਼ਮੀਨੀ ਪਾਣੀ ਦੀ ਵਰਤੋਂ ਨੂੰ ਹੰਢਣਸਾਰ ਬਣਾਉਣ ਲਈ ਝੋਨੇ ਹੇਠਲਾ ਰਕਬਾ ਘਟਾ ਕੇ 40 ਲੱਖ ਏਕੜ ਤੱਕ ਲਿਆਉਣ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ ਹੋਰ ਗੰਭੀਰ ਹੁੰਦਾ ਜਾਵੇਗਾ।ਇਸ ਵਾਰ ਝੋਨੇ ਹੇਠ ਰਕਬਾ ਘਟਣਾ ਇੱਕ ਚੰਗੀ ਸ਼ੁਰੂਆਤ ਹੈ ਪਰ ਇਹ ਹਾਲੇ ਸ਼ੁਰੂਆਤੀ ਕਦਮ ਕਿਹਾ ਜਾ ਸਕਦਾ ਹੈ।ਪੰਜਾਬ ਦੇ ਜਿਹੜੇ ਵੀ ਕਿਸਾਨੀ ਪਰਿਵਾਰ ਝੋਨੇ ਹੇਠੋਂ ਇਹ ਰਕਬਾ ਘਟਾ ਰਹੇ ਹਨ, ਉਹ ਵਧਾਈ ਦੇ ਪਾਤਰ ਹਨ।