Punjab

ਕਾਂਗਰਸੀਆਂ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮਨਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 26ਵੀਂ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਦਾ ਕਰਵਾਇਆ ਗਿਆ।ਉਨ੍ਹਾਂ ਦੀ 26ਵੀਂ ਬਰਸੀ ਸੈਕਟਰ-42, ਚੰਡੀਗੜ੍ਹ ਵਿਖੇ ਮਨਾਈ ਗਈ। ਪੰਜਾਬ ਦੇ 12ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ, 1995 ਨੂੰ ਹੱਤਿਆ ਕਰ ਦਿੱਤੀ ਗਈ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਨੀਤੀਆਂ ਅਤੇ ਸਕੀਮਾਂ ਨੂੰ ਅੱਗੇ ਲੈ ਜਾਣ ਦਾ ਅਹਿਦ ਦੁਹਰਾਇਆ।ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਦੁਨੀਆਂ ਭਰ ਦੀਆਂ ਫੌਜਾਂ ਲੱਗੀਆਂ ਹੋਈਆਂ ਹਨ, ਫਿਰ ਵੀ ਉੱਥੇ ਬੰਬ ਚੱਲ ਰਹੇ ਹਨ।ਬੇਅੰਤ ਸਿੰਘ ਵੇਲੇ ਵੀ ਇਹੀ ਹਾਲ ਪੰਜਾਬ ਵਿੱਚ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਸਰਕਾਰ ਬਣਾਓ ਮੈਂ ਅੱਤਵਾਦ ਨਹੀਂ ਰਹਿਣ ਦਿਆਂਗਾ।ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਅੱਤਵਾਦ ਖਤਮ ਹੈ, ਤੇ ਇਹ ਉਨ੍ਹਾਂ ਦੀ ਹੀ ਦੇਣ ਹੈ।ਖਾਲਿਸਤਾਨ ਵਾਲੇ ਲੱਭਿਆ ਨਹੀਂ ਲੱਭ ਰਹੇ।

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਹਰੀਸ਼ ਰਾਵਤ ਸਾਡੇ ਪੰਜਾਬ ਇੰਚਾਰਜ ਹਨ। ਉਨ੍ਹਾਂ ਦੀ ਕੋਈ ਗੱਲ ਚੰਗੀ ਲੱਗੇ ਨਾ ਲੱਗੇ, ਪਰ ਉਹ ਇੰਚਾਰਜ ਹਨ ਤੇ ਮੈਂ ਇਸੇ ਨਾਤੇ ਉਨ੍ਹਾਂ ਦੀ ਗੱਲ ਸੁਣਾਂਗਾ। ਵੜਿੰਗ ਨੇ ਕਿਹਾ ਕਿ ਸਮਾਂ ਆਉਣ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜਰੂਰ ਫੈਸਲਾ ਕਰ ਦੇਣਗੇ ਕਿ ਚੋਣਾਂ ਕਿਸਦੀ ਅਗੁਵਾਈ ਵਿੱਚ ਲੜਨੀਆਂ ਹਨ।ਇਹ ਫੈਸਲੇ ਵੋਟਾਂ ਤੋਂ ਪਹਿਲਾਂ ਹੋ ਜਾਂਦੇ ਹਨ।ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਤੇ ਕਰਨਾਲ ਦੇ ਲਾਠੀਚਾਰਜ ਮਗਰੋਂ ਖੱਟਰ ਨੂੰ ਨੈਤਿਕਤਾ ਦੇ ਆਧਾਰ ‘ਤੇ ਕੁਰਸੀ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।ਵੜਿੰਗ ਨੇ ਕਿਹਾ ਕਿ ਅੰਗ੍ਰੇਜਾਂ ਦੀ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਨਾਲੋਂ ਚੰਗੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਵਿੱਚ ਕੁੱਝ ਨਾ ਕੁੱਝ ਚੱਲਦਾ ਰਹਿੰਦਾ ਹੈ।ਅਕਾਲੀ ਦਲ ਵਿੱਚ ਵੀ ਸਾਰਾ ਕੁੱਝ ਠੀਕ ਨਹੀਂ ਹੈ।

ਇਸ ਮੌਕੇ ਸੁੱਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਿਅੰਤ ਸਿੰਘ ਦੀ ਸ਼ਹਾਦਤ ਦੀ ਮਿਸਾਲ ਕਿਤੇ ਨਹੀਂ ਮਿਲਦੀ ਹੈ।ਅੱਤਵਾਦ ਨੂੰ ਖਤਮ ਕਰਨ ਵਿਚ ਉਨ੍ਹਾਂ ਦਾ ਨਾਂ ਅਮਰ ਰਹੇਗਾ।ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਉੱਤੇ ਖੱਟਰ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਖੱਟਰ ਵੀ ਕਿਤੇ ਨਾ ਕਿਤੇ ਪੰਜਾਬੀ ਹੋਣਗੇ, ਖਟਰ ਨੂੰ ਪੰਜਾਬ ਦੀ ਹਿਸਟਰੀ ਪੜ੍ਹਨੀ ਚਾਹੀਦੀ।