ਚੰਡੀਗੜ੍ਹ : ਅੰਦੋਲਨ ‘ਚ ਜ਼ਖਮੀ ਕਿਸਾਨ ਦੇ ਰੋਹਤਕ ‘ਚ ਹੋਣ ਦੀ ਸੂਚਨਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਰਕਾਰਾਂ ‘ਚ ਪੈਦਾ ਹੋਏ ਵਿਵਾਦ ਤੋਂ ਬਾਅਦ ਪ੍ਰਿਤਪਾਲ ਨੂੰ ਪੀ.ਜੀ.ਆਈ, ਚੰਡੀਗੜ੍ਹ ਭੇਜ ਦਿੱਤਾ ਗਿਆ। ਦੇਰ ਰਾਤ ਐਂਬੂਲੈਂਸ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਲੈ ਗਈ। ਪੰਜਾਬ ਸਰਕਾਰ ਦੀ ਮੈਡੀਕਲ ਟੀਮ ਵੀ ਉੱਥੇ ਮੌਜੂਦ ਸੀ ਅਤੇ ਜਾਂਚ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਦਾਖਲ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਬਲਦੇਵ ਸਿੰਘ ਸਿਰਸਾ ਅੱਜ ਸਵੇਰੇ ਜ਼ਖ਼ਮੀ ਪ੍ਰਿਤਪਾਲ ਨੂੰ ਮਿਲਣ ਪਹੁੰਚੇ ਹਨ। ਇੱਕ ਵੀਡੀਓ ਸਾਂਝੀ ਕਰਦਿਆਂ ਪੰਧੇਰ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਬਹੁਤ ਜਲਦ ਸਹਿਤਮੰਦ ਹੋ ਕੇ ਘਰ ਪਰਤੇਗਾ। ਚੰਡੀਗੜ੍ਹ ਪਹੁੰਚਿਆ ਪ੍ਰਿਤਪਾਲ 4 ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ।
ਕਿਸਾਨ ਪ੍ਰਿਤਪਾਲ ਸਿੰਘ 21 ਫਰਵਰੀ ਨੂੰ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਅਫਵਾਹ ਫੈਲ ਗਈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਹਰਿਆਣਾ ਪੁਲਿਸ ਨੇ ਦੱਸਿਆ ਕਿ ਉਹ ਰੋਹਤਕ ਪੀਜੀਆਈ ਵਿੱਚ ਦਾਖਲ ਹੈ। ਹੁਣ ਪੰਜਾਬ ਦੇ ਮੁੱਖ ਸਕੱਤਰ (ਸੀਐਸ) ਅਨੁਰਾਗ ਵਰਮਾ ਨੇ ਹਰਿਆਣਾ ਦੇ ਸੀਐਸ ਸੰਜੀਵ ਕੌਸ਼ਲ ਨੂੰ ਪੱਤਰ ਲਿਖ ਕੇ ਕਿਸਾਨ ਨੂੰ ਪੰਜਾਬ ਹਵਾਲੇ ਕਰਨ ਲਈ ਕਿਹਾ ਹੈ।ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਪੱਤਰ ਤੋਂ ਬਾਅਦ ਕਿਸਾਨ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਵਾਸੀ ਸੰਗਰੂਰ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਇੱਕ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰਿਤਪਾਲ ਆਪਣੇ ਸਾਲੇ (ਜੋ ਕਿ ਸਰਕਾਰੀ ਡਾਕਟਰ ਹੈ ਅਤੇ ਐਂਬੂਲੈਂਸ ਡਿਊਟੀ ‘ਤੇ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ ‘ਤੇ ਗਿਆ ਸੀ।
ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ। ਜਿਸ ਕਾਰਨ ਉਸਨੂੰ ਦੇਖਣ ਵਿੱਚ ਵੀ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ ‘ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਉਸੇ ਸਮੇਂ ਪੁਲਿਸ ਵਾਲੇ ਉਸ ਨੂੰ ਘੜੀਸ ਕੇ ਲੈ ਗਏ।21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦਾ ਭਰਾ ਜਿਸ ਨੂੰ ਹਰਿਆਣਾ ਪੁਲਸ ਬੋਰੀ ‘ਚ ਬੰਦ ਕਰਕੇ ਲੈ ਗਈ ਸੀ, ਹੁਣ ਸਾਹਮਣੇ ਆਇਆ ਹੈ। ਪ੍ਰਿਤਪਾਲ ਦੇ ਭਰਾ ਨੇ ਦੱਸਿਆ ਕਿ ਪ੍ਰਿਤਪਾਲ ਕੋਲ ਦੋ ਮੋਬਾਈਲ ਸਨ। ਇੱਕ ਨੂੰ ਪੁਲਿਸ ਨੇ ਖੋਹ ਲਿਆ, ਦੂਜਾ ਉਸਦੇ ਨਾਲ ਸੀ। ਪ੍ਰਿਤਪਾਲ ਨੇ ਇਕ ਹੋਰ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਸ ਨੂੰ ਬੋਰੀ ਵਿਚ ਬੰਦ ਕਰਕੇ ਲਿਜਾਇਆ ਗਿਆ ਹੈ।
ਉਸ ਦੀਆਂ ਲੱਤਾਂ ਟੁੱਟ ਗਈਆਂ ਹਨ, ਉਹ ਨਹੀਂ ਸੋਚਦਾ ਕਿ ਉਹ ਬਚੇਗਾ। ਭਰਾ ਦਾ ਕਹਿਣਾ ਹੈ ਕਿ ਪ੍ਰਿਤਪਾਲ ਬਹੁਤ ਡਰਿਆ ਹੋਇਆ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਪ੍ਰਿਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ। ਉਸ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ ‘ਤੇ ਵੀ ਸੱਟਾਂ ਲੱਗੀਆਂ ਹਨ।