Punjab

ਮੁੱਖ ਮੰਤਰੀ ਮਾਨ ਨੇ ਪੜ੍ਹਨੇ ਪਾਏ “ਆਪ” ਦੇ ਵਿਧਾਇਕ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ 77 ਵਿਧਾਇਕਾਂ ਕਲਾਸ ਲਈ ਹੈ। ਇਸ ਤੋਂ ਪਹਿਲਾਂ ਤਿੰਨ ਵਾਰ ਲਾਈ ਕਲਾਸ ਵਿੱਚ ਵਿਧਾਇਕਾਂ ਅਨੁਸ਼ਾਸ਼ਨ ਵਿੱਚ ਰਹਿਣ ਦਾ ਪਾਠ ਪੜ੍ਹਾਇਆ ਜਾਂਦਾ ਰਿਹਾ ਸੀ। ਇਸ ਵਾਰ ਸੱਚਮੁਚ ਹੀ ਪੜ੍ਹਨੇ ਪਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵਾਅਦਾ ਕਰਦੇ ਹਨ ਕਿ ਮੁੱਖ ਮੰਤਰੀ ਨੇ ਆਪਣੀ ਰਹਾਇਸ਼ ‘ਤੇ ਕੱਲ ਲਈ ਮੀਟਿੰਗ ਵਿੱਚ ਉਨ੍ਹਾਂ ਨੇ ਹਲਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੇ ਕੰਮਾਂ ਬਾਰੇ ਜਾਣਕਾਰੀ ਲਈ ਹੈ ਪਰ ਸਰਕਾਰ ਅੰਦਰਲੇ ਸੂਤਰ ਇਹ ਦਾਅਵਾ ਕਰਦੇ ਹਨ ਕਿ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਅਫਸਰਾਂ ਨਾਲ ਤਾਲਮੇਲ ਬਣਾ ਕੇ ਚੱਲਣ ਅਤੇ ਲੋਕਾਂ ਨਾਲ ਆਮ ਆਦਮੀ ਦੀ ਤਰ੍ਹਾਂ ਵਿਚਰਣ ਦੀ ਨਸੀਅਤ ਦਿੱਤੀ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਹਸਪਤਾਲਾਂ , ਸਕੂਲਾਂ ਅਤੇ ਥਾਣਿਆਂ ਵਿੱਚ ਛਾਪੇ ਮਾਰਨ ਤੋਂ ਵਰਜ਼ ਦਿੱਤਾ ਹਾ ਅਤੇ ਨਾਲ ਹੀ ਇਹ ਕਹਿ ਦਿੱਤਾ ਹੈ ਕਿ ਐਮਐਲਏ ਸ਼ਿਪ ਦਾ ਰੋਅਬ ਨਾਂ ਝਾੜਨ ਦੀ ਤਾੜਨਾ ਵੀ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ


ਮੁੱਖ ਮੰਤਰੀ ਨੇ ਤਿੰਨ ਹਿੱਸਿਆਂ ਵਿੱਚ ਵੰਡ ਵਿੱਚ ਲਾਈ ਕਲਾਸ ਵਿੱਚ ਵਿਧਾਇਕਾਂ ਨੂੰ ਕਿਹਾ ਕਿ ਜੇ ਉਹ ਹਸਪਤਾਲਾਂ , ਸਕੂਲਾਂ ਜਾਂ ਹੋਰ ਸਰਕਾਰੀ ਦਫਤਰਾਂ ਵਿੱਚ ਜਾਣਾ ਚਾਹੁੰਦੇ ਹਨ ਤਾਂ ਉਹ ਸਬੰਧਿਤ ਅਫਸਰਾਂ ਤੋਂ ਕੰਮਕਾਜ ਦੀ ਜਾਣਕਾਰੀ ਅਤੇ ਆਮ ਲੋਕਾਂ ਤੋਂ ਫੀਡਬੈਕ ਲੈਣ ਤੋਂਅ ਅੱਗੇ ਨਾ ਵੱਧਣ। ਉਂਝ ਮੀਟਿੰਗ ਵਿੱਚ ਵਿਧਾਇਕਾਂ ਦੇ ਗਿਲੇ ਰੋਸੇ ਵੀ ਸੁਣੇ ਗਏ ਅਤੇ ਹਲਕਿਆਂ ਦੇ ਕੰਮਾਂ ਅਤੇ ਪਾਰਟੀ ਨਾਲ ਸਬੰਧਿਤ ਜਾਣਕਾਰੀ ਵੀ ਲਈ ਗਈ।


ਪਤਾ ਲੱਗਾ ਹੈ ਕਿ ਮੁੱਖ ਮੰਤਰੀ ਮਾਨ ਕਈ ਵਿਧਾਇਕਾਂ ਦੇ ਤਾਨਾਸ਼ਾਹੀ ਵਤੀਰੇ ਤੋਂ ਖਫਾ ਹਨ। ਕਿਉਂਕਿ ਇਸ ਨਾਲ ਪਾਰਟੀ ਦੀ ਕਿਰਕਰੀ ਹੋ ਰਹੀ ਹੈ। ਪਾਇਲ ਦੇ ਵਿਦਾਇਕ ਦਾ ਪੁਲਿਸ ਨਾਲ ਭੇੜ ਅਤੇ ਲੁਧਿਆਣਾ ਦੇ ਇੱਕ ਵਿਧਾਇਕਾ ਦਾ ਪੁਲਿਸ ਨਾਲ ਤਕਰਾਰ ਹੋਣ ਤੋਂ ਬਾਅਦ ਲੋਕ ਸ਼ਿਕਾਇਤਾ ਕਰਨ ਲੱਗੇ ਹਨ। ਜਲੰਧਰ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਆਪਣੇ ਹੰਕਾਰੀ ਵਤੀਰੇ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਮੁਲਾਜ਼ਮਾਂ ਤੋਂ ਮੁਆਫੀ ਮੰਗ ਕੇ ਖਹਿੜਾ ਛੁਡਾਣਾ ਪਿਆ ਸੀ। ਕੱਲ੍ਹ ਹੀ ਡੇਰਾਬਸੀ ਤੋਂ ਵਿਧਾਇਕ ਦੇ ਪੀਏ ਨੀਤਨ ਲੁਥਰਾ ਉੱਤੇ ਬਲਟਾਣਾ ਦੇ ਚੌਂਕੀ ਇੰਚਾਰਜ ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਲਾਏ ਦੋਸ਼ ਸਾਹਮਣੇ ਆਏ ਸਨ।


ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉੱਪ ਕੁੱਲਪਤੀ ਪ੍ਰੋ ਰਾਜ ਬਹਾਦਰ ਦੀ ਕੀਤੀ ਲਾਹ ਪਾਹ ਤੋਂ ਪਿੱਛੋਂ ਆਮ ਆਦਮੀ ਪਾਰਟੀ ਦੀ ਹੋਰ ਵੀ ਜ਼ਿਆਦਾ ਕਿਰਰਕੀ ਹੋਈ ਹੈ। ਸਰਕਾਰੀ ਅੰਕੜੇ ਬੋਲਦੇ ਹਨ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਿਧਾਇਕਾਂ ਦੇ ਨਾਸਮਝੀ ਵਾਲੇ ਵਤੀਰੇ ਅਤੇ ਹਸਪਤਾਲਾਂ ਵਿੱਚ ਅਚਨਚੇਤ ਛਾਪੇ ਮਾਰ ਕੇ ਬੇਇਜ਼ਤ ਕਰਨ ਦੇ ਰੋਸ ਵਜੋਂ ਪਿਛਲੇ ਚਾਰ ਮਹੀਨਿਆਂ ਦੌਰਾਨ 50 ਡਾਕਟਰਾਂ ਨੇ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਕੂਲਾਂ , ਹਸਪਤਾਲਾਂ ਅਤੇ ਪੁਲਿਸ ਥਾਣਿਆਂ ਵਿੱਚ ਛਾਪੇ ਪੈਣੇ ਸ਼ੁਰੂ ਹੋ ਗਏ ਸਨ। ਸਭ ਤੋਂ ਵੱਧ ਪੜ੍ਹੇਲਿਖੇ ਸਰਕਾਰ ਮੁਲਾਜ਼ਮਾਂ ਵਜੋਂ ਜਾਣੇ ਜਾਂਦੇ 50 ਡਾਕਟਰਾਂ ਨੇ ਸਵੈਇੱਛਾ ਨਾਲ ਸੇਵਾਮੁਕਤੀ ਮੰਗ ਲਈ ਹੈ। ਜਿਹੜੇ ਡਾਕਟਰ ਵੀਆਰਐਸ ਦੇ ਯੋਗ ਨਹੀਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਵੱਡੀ ਗਿਣਤੀ ਡਾਕਟਰਾਂ ਨੇ ਅਸਤੀਫੇ ਦੀ ਵਜ੍ਹਾ ਕੰਮ ਕਰਨ ਦੇ ਹਲਾਤ ਖਰਾਬ ਹੋਣ ਦਾ ਹਵਾਲਾ ਦਿੱਤਾ ਹੈ। ਹੋਰਾਂ ਨੇ ਵੀਡੀਓ ਜਾਰੀ ਕਰਕੇ ਦਿਲ ਦੀ ਗੱਲ ਕਹੀ ਹੈ।


ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਪਹਿਲਾਂ ਹੀ ਘਾਟ ਹੈ। ਮਾਹਰ ਡਾਕਟਰਾਂ ਦੀਆਂ 1873 ਮੰਨਜ਼ੂਰਸ਼ੁਦਾ ਆਸਾਮੀਆਂ ਵਿੱਚੋਂ 510 ਖਾਲੀ ਪਈਆਂ ਹਨ। ਪੰਜਾਬ ਵਿੱਚ ਮਾਹਰ ਡਾਕਟਰ ਵਜੋਂ ਕੰਮ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਮੁਲਕ ਦਾ ਉਹ ਸੂਬਾ ਹੈ ਜਿੱਥੋਂ ਦੇ ਮਾਹਰ ਡਾਕਟਰਾਂ ਨੂੰ ਸਭ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਹੋਰ ਤਾਂ ਹੋਰ ਮਾਹਰ ਅਤੇ ਐਮਬੀਬੀਐਸ ਡਾਕਟਰ ਇੱਕੋ ਜਿੰਨੇ ਤਨਖਾਹ ਸਕੇਲ ‘ਤੇ ਕੰਮ ਕਰ ਰਹੇ ਹਨ। ਬੱਸ ਮਾਹਰਾਂ ਨੂੰ ਦੂਜਿਆਂ ਨਾਲੋਂ ਚਾਰ ਇੰਨਕਰੀਮੈਂਟਸ ਵੱਧ ਦਿੱਤੀਆਂ ਜਾ ਰਹੀਆਂ ਹਨ।


ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਰਿਕਾਰਡ ਮੁਤਾਬਿਕ ਜਿੰਨਾਂ ਡਾਕਟਰਾਂ ਨੇ ਨੌਕਰੀ ਤੋਂ ਅਸਤੀਫਾ ਦਿੱਤਾ ਹਾ ਉਨ੍ਹਾਂ ਵਿੱਚ ਨਕੋਦਰ ਤੋਂ ਹੱਡੀਆਂ ਦੇ ਮਾਹਰ ਡਾਕਟਰ ਧਰਮਵੀਰ ਕੁਮਾਰ, ਅੱਖਾਂ ਦੇ ਮਾਹਿਰ ਡਾਕਟਰ ਸੁਖਵਿੰਦਰ ਦਿਓਲ , ਖਰੜ ਹਸਪਤਾਲ ਦੇ ਐਸ.ਐਮ.ਓ. ਡਾਕਟਰ ਮਨਿੰਦਰ ਕੌਰ, ਅੱਖਾਂ ਦੇ ਸਰਜਨ ਡਾ: ਨਰੇਸ਼ ਚੌਹਾਨ, ਈ.ਐਨ.ਟੀ ਸਪੈਸ਼ਲਿਸਟ ਡਾ: ਸੰਦੀਪ ਸਿੰਘ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ | ਇਸ ਤੋਂ ਪਹਿਲਾਂ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਦੇਵਗਨ, ਵਾਈਸ ਪ੍ਰਿੰਸੀਪਲ ਡਾ.ਕੁਲਾਰ ਸਿੰਘ, ਮੈਡੀਕਲ ਸੁਪਰਡੈਂਟ ਡਾ.ਕੇ.ਡੀ ਸਿੰਘ ਵੀ ਅਸਤੀਫਾ ਦੇ ਚੁੱਕੇ ਹਨ। ਜਗਰਾਓਂ ਤੋਂ ਡਾਕਟਰ ਰਾਧਾ , ਲੁਧਿਆਣਾ ਤੋਂ ਸਰਜਨ ਡਾਕਟਰ ਵਿਮਲ ਵਰਮਾ, ਬਾਬਾ ਬਕਾਲਾ ਤੋਂ ਮੈਡੀਸਨ ਦੇ ਮਾਹਰ ਸਰਬਜੋਤ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਔਰਤ ਰੋਗਾਂ ਦੇ ਡਾਕਟਰ ਪਰੱਗਿਆ, ਮਲੋਟ ਤੋਂ ਹੱਡੀ ਰੋਗ ਦਾ ਮਾਹਰ ਡਾਕਟਰ ਗੁਰਲਾਭ ਸਿੰਘ ਨੇ ਵੀ ਸਰਕਾਰ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਰੀਨ ਦਾ ਦਾਅਵਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਨ ਦਾ ਮਾਹੌਲ ਨਹੀਂ ਰਿਹਾ ਹੈ।

ਮੁੱਖ ਮੰਤਰੀ ਦੇ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਹਲਾਤ ਇਹ ਬਣ ਗਏ ਹਨ ਕਿ ਉੱਤੇ ਹੱਡੀ ਰੋਗ ਦਾ ਇੱਕ ਵੀ ਡਾਕਟਰ ਨਹੀਂ ਬਚਿਆ ਹੈ। ਹਰ ਦਸਵੇਂ ਦਿਨ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵਿੱਚ ਹੋ ਰਹੀ ਭਾਰੀ ਰੱਦੋਬਦਲ ਕਾਰਨ ਉੱਚ ਅਫਸਰਾਂ ਵਿੱਚ ਕੰਮ ਦਾ ਉਤਸ਼ਾਹ ਨਹੀਂ ਰਿਹਾ ਹੈ।

Overworked doctor sitting in his office


ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁੱਲ ਵਰਤਾਰੇ ‘ਤੇ ਨਜ਼ਰ ਮਾਰੀਏ ਤਾਂ ਵਿਧਾਇਕ ਅਤੇ ਲੀਡਰ ਅਣਜਾਣ ਜਾਂ ਗੈਰਤਜ਼ਰਬਾਕਾਰ ਨਹੀਂ ਲੱਗਦੇ ਸਗੋਂ ਇਸ ਵਿੱਚੋਂ ਨਾਸਮਝੀ ਝਲਕਦੀ ਹੈ। ਆਮ ਲੋਕਾਂ ਅਤੇ ਅਫਸਰਾਂ ਵਿੱਚ ਆਪ ਦੀ ਸਰਕਾਰ ਪ੍ਰਤੀ ਰੋਸ ਵਧਿਆ ਹੈ ਅਤੇ ਕਿਰਰਕੀ ਵੀ ਹੋਈ ਹੈ ਪਰ ਇਸ ਤੋਂ ਪਹਿਲਾਂ ਰਾਜ ਕਰਦੀਆਂ ਦੋਹੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹੜਾ ਚੰਨ ਚਾੜਿਆ ਸੀ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ।
… ਆਪ ਦੀ ਸਰਕਾਰ ਬਣਨ ਤੋਂ ਬਾਅਦ 50 ਮਾਹਰ ਡਾਕਟਰਾਂ ਨੇ ਨੌਕਰੀ ਤੋਂ ਦਿੱਤਾ ਅਸਤੀਫ਼ਾ
…ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਦੀ ਲਾਈ ਚੌਥੀ ਵਾਰ ਕਲਾਸ
… ਭਾਰੀ ਰੱਦੋਬਦਲ ਕਾਰਨ ਉੱਚ ਅਫਸਰਾਂ ਵਿੱਚ ਕੰਮ ਕਰਨ ਦਾ ਉਤਸ਼ਾਹ ਨਹੀਂ ਰਿਹਾ ।
…ਮਾਹਰ ਡਾਕਟਰਾਂ ਦੀਆਂ 1873 ਆਸਾਮੀਆਂ ਚੋਂ 510 ਖਾਲੀ
…ਮੁੱਖ ਮੰਤਰੀ ਦੇ ਜਿਲ੍ਹੇ ਸੰਗਰੂਰ ਅਤੇ ਬਰਨਾਲਾ ਜਿਲ੍ਹੇ ‘ਚ ਨਹੀਂ ਬਚਿਆ ਹੱਡੀਆਂ ਦਾ ਡਾਕਟਰ
… ਵਿਧਾਇਕਾਂ ‘ਤੇ ਸਕੂਲਾਂ ਅਤੇ ਹਸਪਤਾਲਾਂ ਵਿੱਚ ਛਾਪੇ ਮਾਰਨ ‘ਤੇ ਲਾਈ ਰੋਕ