India Khalas Tv Special Punjab

ਪਾਰਲੀਮੈਂਟ ਮੈਂਬਰਾਂ ‘ਤੇ ਸਾਲ ਦੀ ਖਰਚਾ 50 ਅਰਬ, ਆਊਟ ਪੁੱਟ ਜ਼ੀਰੋ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ
ਦ ਖ਼ਾਲਸ ਬਿਊਰੋ : ਸੂਬੇ ਦਾ ਭਵਿੱਖ ਘੜਣ ਲਈ ਵਿਧਾਨ ਸਭਾ ਅਤੇ ਦੇਸ਼ ਦੇ ਨੈਣ ਨਕਸ਼ ਸਵਾਰਨ ਲਈ ਪਾਰਲੀਮੈਂਟ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਸਾਲ ਵਿੱਚ ਦੋ ਵਾਰ ਸਰਦ ਰੁੱਤ ਅਤੇ ਮੌਨਸੂਨ ਸ਼ੈਸ਼ਨ ਇਸ ਲਈ ਸੱਦੇ ਜਾਂਦਾ ਹਨ ਤਾਂ ਕਿ ਲੋਕਾਂ ਦੇ ਮਸਲੇ ਉਠਾਏ ਜਾ ਸਕਣ ਜਾਂ ਫਿਰ ਮੁਲਕ ਨੂੰ ਦਰਪੇਸ਼ ਚੁਣੌਤੀਆਂ ਦਾ ਰੱਲ ਮਿਲ ਕੇ ਕੋਈ ਹੱਲ ਕੱਢਿਆ ਜਾਵੇ । ਪਾਰਲੀਮੈਂਟ ਹੋਵੇ ਜਾਂ ਵਿਧਾਨ ਸਭਾ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਹਾਂ ਦੀ ਬਰਾਬਰ ਦੀ ਜਿੰਮੇਵਾਰੀ ਹੁੰਦੀ ਹੈ। ਮਜ਼ਬੂਤ ਵਿਰੋਧੀ ਧਿਰ ਕੋਲ ਸਰਕਾਰ ਨੂੰ ਸਿੱਧੇ ਰਸਤੇ ‘ਤੇ ਚੱਲਾਉਣ ਲਈ ਫੈਂਟਾ ਹੁੰਦਾ ਹੈ। ਭਾਰਤ ਦੀ ਬਦਕਿਸਮਤੀ ਇਹ ਕਿ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ ਵਿਰੋਧੀ ਧਿਰ ਦੇ ਹਮਲਿਆਂ ਤੋਂ ਬਚਣ ਲਈ ਲੁੱਕਣ ਦੇ ਢੰਗ ਲੱਭਦੀ ਫਿਰਦੀ ਹੈ ਜਦਕਿ ਵਿਰੋਧੀ ਧਿਰ ਦੀ ਸੋਚ ਸਰਕਾਰ ਨੂੰ ਘੇਰਨ ਜਾਂ ਬਦਨਾਮ ਕਰਨ ਤੋਂ ਅੱਗੇ ਨਹੀਂ ਤੁਰਦੀ।
ਦੇਸ਼ ਦੀ ਮੌਜੂਦਾ ਪਾਰਲੀਮੈਂਟ ਬਿੰਲਡਿੰਗ ਵਿੱਚ ਚੱਲ ਰਹੇ ਮੌਨਸੂਨ ਸ਼ੈਸ਼ਨ ਨੇ ਭਾਰਤੀ ਵੋਟਰਾਂ ਨੂੰ ਨਿਰਾਸ਼ ਕੀਤਾ ਹੈ।

ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ 18 ਜੁਲਾਈ ਤੋਂ ਸ਼ੁਰੂ ਹੋਏ ਮੌਨਸੂਨ ਸ਼ੈਸ਼ਨ ਵਿੱਚ ਮਿੱਥੇ ਗਏ ਏਜੰਡੇ ਅਨੁਸਾਰ 107 ਘੰਟਿਆਂ ਦੀ ਕਾਰਵਾਈ ਵਿੱਚੋਂ ਸਿਰਫ 18 ਘੰਟੇ ਲਈ ਕੰਮ ਹੋਇਆ ਹੈ। ਲੋਕ ਸਭਾ ਵਿੱਚੋਂ 27 ਅਤੇ ਰਾਜ ਸਭਾ ਵਿੱਚੋਂ 3 ਮੈਂਬਰਾਂ ਨੂੰ ਮੁਅਤਲ ਕੀਤਾ ਜਾ ਚੁੱਕਾ ਹੈ। ਲੋਕ ਸਭਾ ਵਿੱਚ ਪੈ ਰਹੇ ਘੜਮੱਸ ਕਾਰਨ 89 ਘੰਟੇ ਤੋਹਮਤਬਾਜ਼ੀ ਵਿਚ ਬਰਬਾਦ ਕੀਤੇ ਗਏ ਹਨ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਮੁਲਕ ਦੀ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੀ ਗਿਣਤੀ 543 ਅਤੇ ਰਾਜ ਸਭਾ ਦੇ 239 ਮੈਂਬਰ ਹਨ। ਰਾਜ ਸਭਾ ਸਭ ਤੋਂ ਉੱਪਰਲਾ ਸਦਨ ਹੈ । ਲੋਕ ਸਭਾ ਨੂੰ ਉਸ ਤੋਂ ਹੇਠਲਾ ਦਰਜਾ ਦਿੱਤਾ ਗਿਆ ਹੈ। ਰਾਜ ਸਭਾ ਵਿੱਚ ਵੱਖ ਵੱਖ ਖੇਤਰ ਸਾਹਿਤ, ਕਲਾ ਅਤੇ ਸਭਿਆਚਾਰ ਸਮੇਤ ਸਮਾਜ ਸੇਵੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ।

ਦੋਹਾਂ ਸਦਨਾਂ ਵਿੱਚ ਲਗਾਤਰ ਦੋ ਹਫਤੇ ਕੰਮ ਨਾ ਹੋਣ ਕਾਰਨ ਆਮ ਲੋਕ ਨਿਰਾਸ਼ ਹਨ ਅਤੇ ਫਿਕਰ ਵਿੱਚ ਵੀ ਹਨ। ਦੁੱਖ ਦੀ ਗੱਲ ਇਹ ਕਿ 12 ਅਗਸਤ ਤੱਕ ਚੱਲਣ ਵਾਲੇ ਇਸ ਸ਼ੈਸ਼ਨ ਵਿੱਚ ਅਗਲੇ ਦਿਨ ਵੀ ਹੰਗਾਮੇਦਰ ਰਹਿਣ ਦੇ ਆਸਾਰ ਹਨ। ਪਿਛਲੇ ਦੋ ਹਫਤਿਆਂ ਦੌਰਾਨ ਇੱਕ ਦਿਨ ਵੀ ਅਜਿਹਾ ਨਹੀਂ ਆਇਆ ਜਿਸ ਦਿਨ ਕੰਮ ਹੋਇਆ ਹੋਵੇ। ਇਹ ਵੱਖਰੀ ਗੱਲ ਹੈ ਕਿ ਬਹੁਮਤ ਦੇ ਜ਼ੋਰ ਨਾਲ ਕਈ ਬਿੱਲ ਪਾਸ ਕਰਾ ਲਏ ਹਨ। ਵਿਰੋਧ ਧਿਰ ਮਹਿੰਗਾਈ , ਅਗਨੀਪੱਥ ਯੋਜਨਾ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ‘ਤੇ ਗੱਲ ਕਰਨਾ ਚਾਹੁੰਦੀ ਹੈ। ਜਦਕਿ ਸੱਤਾਧਾਰੀ ਪੈਰਾਂ ‘ਤੇ ਪਾਣੀ ਨਹੀਂ ਪੈਣ ਦੇਵੇਗੀ।

ਪੰਜਾਬ ਦੇ ਪਿਛਲੇ ਮਹੀਨੇ ਚੱਲੇ ਮੌਨਸੂਨ ਸ਼ੈਸ਼ਨ ਦੌਰਾਨ ਵਿਰੋਧੀ ਧਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ‘ਤੇ ਬਹਿਸ ਦੇ ਮੁੱਦੇ ‘ਤੇ ਅੜੀ ਰਹੀ ਪਰ ਆਮ ਆਦਮੀ ਪਾਰਟੀ ਸੀ ਕਿ ਟੱਸ ਤੋਂ ਮੱਸ ਨਾ ਹੋਈ। ਵਿਧਾਨ ਸਭਾ ਸ਼ੈਸ਼ਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ‘ਤੇ ਬੋਲਣ ਲਈ ਇਜਾਜ਼ਤ ਨਾਂ ਦੇਣ ਵਾਲੇ ਸਪੀਕਰ ਕੁਲਤਾਰ ਸਿੰਘ ਸੰਧਵਾ ਲੰਘੇ ਕੱਲ੍ਹ ਬਹਿਬਲ ਕਲਾਂ ਵਿਖੇ ਸੰਗਤ ਮੂਹਰੇ ਹੱਥ ਜੋੜ ਕੇ ਖੜ੍ਹੇ ਦੇਖੇ ਗਏ। ਇਸ ਤੋਂ ਵੀ ਅੱਗੇ ਜਾ ਕੇ ਲੋਕਾਂ ਦੀਆਂ ਖਰੀਆਂ ਖਰੀਆਂ ਸੁਣਨੀਆਂ ਪਈਆਂ।
ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਸਾਹਿਬਾਂ ਦ੍ਰੋਪਦੀ ਮੁਰਮੂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ‘ਤੇ ਸ਼ੁਰੂ ਹੋਇਆ ਟਕਰਾਅ ਹਾਲੇ ਤੱਕ ਮੁੱਕ ਨਹੀਂ ਰਿਹਾ। ਸੱਤਾਧਾਰੀ ਭਾਜਪਾ ਰੰਜਨ ਅਤੇ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ‘ਤੇ ਬਜਿਦ ਹੈ।

ਸਵਾ ਕਰੋੜ ਤੋਂ ਵੱਧ ਆਬਾਦੀ ਵਾਲੇ ਭਾਰਤ ਵਿੱਚ ਲਗਪਗ 80 ਕਰੋੜ ਵੋਟਰ ਹਨ। ਦੋਵੇਂ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਅਤੇ ਮੌਨਸੂਨ ਸਰਦ ਰੁੱਤ ਸ਼ੈਸ਼ਨ ਉੱਤੇ ਹਰ ਸਾਲ 50 ਅਰਬ ਖਰਚਾ ਆ ਰਿਹਾ ਹੈ। ਪਾਰਲੀਮੈਂਟ ਨਾਲ ਜੁੜੇ ਹੋਰ ਖਰਚਿਆਂ ਦੀ ਰਕਮ ਵੀ ਅਰਬਾਂ ਵਿੱਚ ਬਣਦੀ ਹੈ। ਜਦੋਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਗੁਜ਼ਾਰੀ ਜ਼ੀਰੋ ਹੋਵੇ ਤਾਂ ਲੋਕਾਂ ਕੋਲ ਪਿੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਇੱਕ ਜਾਣਕਾਰੀ ਅਨੁਸਾਰ ਦੋਹਾਂ ਸਦਨਾਂ ਦੇ ਜਦੋਂ ਸ਼ੈਸ਼ਨ ਚੱਲਦੇ ਹੋਣ ਤਾਂ ਪ੍ਰਤੀ ਘੰਟੀ ਢਾਈ ਲੱਖ ਖਰਚ ਹੁੰਦੇ ਹਨ। ਅਸਲ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੇ ਵਤੀਰੇ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਇਸਦੀ ਮਰਿਆਦਾ ਨੂੰ ਸੱਟ ਮਾਰੀ ਹੈ। ਕਾਂਗਰਸ ਦੇ ਮੈਂਬਰ ਪਾਰਟੀਮੈਂਟ ਅਧੀਰ ਰੰਜਨ ਚੌਧਰੀ ਨੇ ਮੁਆਫੀ ਵੀ ਮੰਗ ਲਈ ਹੈ ਪਰ ਭਾਜਪਾ ਫਿਰ ਵੀ ਅੜਿਕਾ ਡਾਹੁਣ ਤੋਂ ਨਹੀਂ ਹੱਟ ਰਹੀ।

ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਧਿਰਾਂ ਦੀ ਹਾਊਸ ਬਿਜਨਸ ਕਮੇਟੀ ਦੀ ਮੀਟਿੰਗ ਸੱਦੀ ਜਾਂਦੀ ਹੈ ਅਤੇ ਇਸ ਵਿੱਚ ਸਾਰਾ ਏਜੰਡਾ ਤੈਅ ਹੁੰਦਾ ਹੈ। ਹੁਣ ਜਦੋਂ ਰੇੜਕਾ ਨਹੀਂ ਖਤਮ ਹੋ ਰਿਹਾ ਤਾਂ ਬਿਜਨਸ ਕਮੇਟੀ ਜਾਂ ਦੋਹਾਂ ਧਿਰਾਂ ਦੀ ਇੱਕ ਸੋਂਝੀ ਕਮੇਟੀ ਗਠਿਤ ਕਰਕੇ ਮਾਮਲਾ ਹੱਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਜਿੱਥੇ ਲੋਕਾਂ ਦਾ ਆਪਣੇ ਨੁਮਾਇੰਦਿਆਂ ਵਿੱਚ ਵਿਸ਼ਵਾਸ ਵਧੇਗਾ ਉਥੇ ਦੇਸ਼ ਦੇ ਖਜ਼ਾਨੇ ਵਿੱਚੋਂ ਖਰਚੇ ਕੀਤੇ ਜਾਣ ਵਾਲੇ 25 ਅਰਬ ਰੁਪਏ ਵੀ ਥਾਏ ਪੈ ਜਾਣਗੇ।


ਪਾਰਲੀਮੈਂਟ ਦਾ ਅਗਲਾ ਸਰਦ ਰੁੱਤ ਸ਼ੈਸ਼ਨ ਸੰਸਦ ਦੀ ਨਵੀਂ ਬਿਲਡਿੰਗ ਵਿੱਚ ਜੁੜੇਗਾ। ਇਸ ਬਿਲਡਿੰਗ ‘ਤੇ 862 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਅਕਤੂਬਰ 22 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੌਜੂਦਾ ਪਾਰਲੀਮੈਂਟ ਦੀ ਬਿਲਡਿੰਗ ਲਗਪਗ ਸੌ ਸਾਲ ਪਹਿਲਾਂ 1927 ਵਿੱਚ ਉਸਾਰੀ ਗਈ ਸੀ ਪਰ ਭਾਰਤੀ ਪਾਰਲੀਮੈਂਟ 1950 ਵਿੱਚ ਜੁੜਣੀ ਸ਼ੁਰੂ ਹੋਈ ਸੀ। ਉਮੀਦ ਕੀਤੀ ਜਾਣੀ ਬਣਦੀ ਹੈ ਕਿ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਵਿੱਚ ਮੈਂਬਰ ਪਾਰਲੀਮੈਂਟ ਪੁਰਾਣੀਆਂ ਆਦਤਾਂ ਵਿਸਾਰ ਕੇ ਨਵੀਂ ਸੋਚ ਨਾਲ ਜੁੜਿਆ ਕਰਨਗੇ।

  1. ਦੋਹਾਂ ਸ਼ੈਸ਼ਨਾਂ ਅਤੇ ਸੰਸਦਾਂ ‘ਤੇ ਹਰ ਸਾਲ ਹੁੰਦੈ 50 ਅਰਬ ਦਾ ਖਰਚਾ।
  2. ਪਿਛਲੇ ਦੋ ਹਫਤਿਆਂ ‘ਚ 107 ਘੰਟਿਆਂ ਚੋਂ 89 ਘੰਟੇ ਚੜੇ ਲੜਾਈ ਦੀ ਭੇਂਟ
  3. ਉਪਰਲੇ ਰਾਜ ਸਭਾ ਸਦਨ ‘ਚ ਮੈਂਬਰਾਂ ਦੀ ਗਿਣਤੀ 245
  4. ਲੋਕ ਸਭਾ ਲਈ ਚੁਣੇ ਜਾਂਦੇ ਮੁਲਕ ਭਰ ਚੋਂ 543 ਮੈਂਬਰ
  5. ਭਾਰਤ ਵਿੱਚ ਵੋਟਰਾਂ ਦੀ ਗਿਣਤੀ 80 ਕਰੋੜ ਦੇ ਕਰੀਬ
  6. ਅਗਲਾ ਸਰਦ ਰੁੱਤ ਸ਼ੈਸ਼ਨ ਜੁੜੇਗਾ ਨਵੀਂ ਪਾਰਲੀਮੈਂਟ ਬਿਲਡਿੰਗ ‘ਚ
  7. ਪੰਜਾਬ ਵਿਧਾਨ ਸਭਾ ਸ਼ੈਸ਼ਨ ‘ਚ ਬੇਅਦਬੀ ਮੁੱਦੇ ‘ਤੇ ਗੱਲ ਕਰਨ ਲਈ ਸਮਾਂ ਨਾ ਦੇਣ ਵਾਲੇ ਸਪੀਕਰ ਸੰਧਵਾਂ ਨੂੰ ਸੰਗਤ ਮੂਹਰੇ ਖੜ੍ਹਨਾ ਪਿਆ ਹੱਥ ਜੋੜ ਕੇ