Punjab

ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ,ਇੰਝ ਹੋਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ,ਮਾਤਾ-ਪਿਤਾ ਵੀ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਦਾਅਵੇ ਕੀਤੇ ਹਨ। ਆਈਜੀ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਦੇ ਮੁਤਾਬਕ ਹੁੰਦੇ ਹੋਏ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਸਵੇਰੇ 6.45 ਵਜੇ ਪਿੰਡ ਰੋਡੇ ਨੂੰ ਚਾਰੇ ਪਾਸੇ ਤੋਂ ਘੇਰਾ ਪਾਕੇ NSA ਤਹਿਤ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ 35 ਦਿਨ ਤੋਂ ਦਬਾਅ ਬਣਾਇਆ ਹੋਇਆ ਤੇ ਹੋਰ ਸੁਰਖਿਆ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਸੀ। ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਇਸ ‘ਤੇ ਹੁਣ ਅਗੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਵੇਗੀ।

ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ,ਜਿਹਨਾਂ ਨੇ ਇਸ ਪੂਰੇ ਸਮੇਂ ਦੇ ਦੌਰਾਨ ਸ਼ਾਂਤੀ ਤੇ ਸਦਭਾਵਨੀ ਬਣਾਈ ਰੱਖੀ ਹੈ। ਪੰਜਾਬ ਪੁਲਿਸ ਵੀ ਸ਼ਾਂਤੀ ਬਣਾਈ ਰੱਖਣ ਲਈ ਸਮਰਪਿਤ ਹੈ। ਸਮਾਜ ਵਿਰੋਧੀ ਤੱਤਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਪੰਜਾਬ ਵਿੱਚ ਕਿਸੇ ਵੀ ਤਰਾਂ ਨਾਲ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।

ਅੰਮ੍ਰਿਤਪਾਲ ਸਿੰਘ ਨੂੰ ਸਵੇਰੇ 6 ਵੱਜ ਕੇ 45 ਮਿੰਟ ਤੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਤੇ ਇੰਟੈਲੀਜੈਂਸ ਬਿਊਰੋ ਕੋਲ ਇਨਪੁਟ ਸੀ ਕਿ ਅੰਮ੍ਰਿਤਪਾਲ ਪਿੰਡ ਰੋਡੇ ਵਿੱਚ ਹੈ । ਨਾਕਾਬੰਦੀ ਕਰ ਕੇ ਸਾਰੇ ਪਿੰਡ ਨੂੰ ਘੇਰਿਆ ਹੋਇਆ ਸੀ ਪਰ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀ,ਇਸ ਲਈ ਅਸੀਂ ਮਰਿਆਦਾ ਨੂੰ ਕਾਇਮ ਰੱਖਿਆ ਤੇ ਮਰਿਆਦਾ ਨਾਲ ਕੋਈ ਛੇੜਛਾੜ ਨਾ ਹੋਵੇ,ਇਸ ਗੱਲ ਦਾ ਧਿਆਨ ਵੀ ਰੱਖਿਆ।

ਜਦੋਂ ਸਾਰੇ ਪਾਸੇ ਤੋਂ ਘੇਰ ਲਿਆ ਗਿਆ ਤੇ ਕੋਈ ਚਾਰਾ ਨਹੀਂ ਰਿਹਾ ਤਾਂ ਸਵੇਰੇ 06 ਵੱਜ ਕੇ 45 ਮਿੰਟ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। NSA ਦੇ ਅਧੀਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਹੈ।ਪੰਜਾਬ ਪੁਲਿਸ ਤੇ ਇੰਟੈਂਲਿਜੈਂਸ ਬਿਊਰੋ ਦਾ ਸਾਂਝਾ ਆਪਰੇਸ਼ਨ ਸੀ।

ਸਵਾਲਾਂ ਦੇ ਜਵਾਬ

ਸੰਤ ਭਿੰਡਰਾਵਾਲੇ ਦੇ ਪਿੰਡੋਂ ਅੰਮ੍ਰਿਤਪਾਲ ਵੱਲੋਂ ਖੁੱਦ ਗ੍ਰਿਫਤਾਰੀ ਦੇਣ ਦੇ ਸੰਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ।ਘੇਰਾਬੰਦੀ ਕੀਤੀ ਗਈ ਤੇ ਉਸ ਦੇ ਭੱਜ ਜਾਣ ਦਾ ਕੋਈ ਰਾਹ ਨਹੀਂ ਛੱਡਿਆ ਗਿਆ ਤੇ ਫਿਰ ਉਸ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ  ਲਿਆ ਹੈ।

ਪਪਲਪ੍ਰੀਤ ਸੰਬੰਧੀ ਪੁੱਛੇ ਗਏ ਸਵਾਲ ‘ਤੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਹੁਣ ਜਾਂਚ ਦਾ ਵਿਸ਼ਾ ਹਨ। ਹਾਲ ਦੀ ਘੜੀ ਇਸ ‘ਤੇ ਕੋਈ ਟਿੱਪਣੀ ਕਰਨਾ ਵਾਜਿਬ ਨਹੀਂ ਹੈ। ਇਸ ਸੰਬੰਧ ਵਿੱਚ ਹੋਰ ਜੋ ਵੀ ਕਾਰਵਾਈ ਹੋਵੇਗੀ ,ਸਮੇਂ ‘ਤੇ ਦੱਸ ਦਿੱਤੀ ਜਾਵੇਗੀ।

ਪੰਜਾਬ ਵਿੱਚ ਅਮਨ ਕਾਨੂੰਨ ਦੇ ਹਾਲਾਤ ਠੀਕ ਹਨ ਤੇ ਸੂਬੇ ਵਿੱਚ ਪੂਰੀ ਤਰਾਂ ਨਾਲ ਸ਼ਾਂਤੀ ਹੈ।ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਹੋ ਰਹੀ ਹੈ ਤੇ ਨਾ ਹੀ ਹੋਣ ਦਿੱਤੀ ਜਾਵੇਗੀ ।

ਮਾਤਾ-ਪਿਤਾ ਦਾ ਬਿਆਨ ਆਇਆ ਸਾਹਮਣੇ 

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਾਪਲ ਸਿੰਘ ਨੇ ਕੱਲ੍ਹ ਦੇਰ ਰਾਤ ਜਿਲ੍ਹਾ ਮੋਗਾ ਦੇ ਪਿੰਡ ਰੋਡੇ ਦੇ ਗੁਆਦੁਆਰਾ ਤੋਂ ਗ੍ਰਿਫ਼ਤਾਰੀ ਦੇ ਦਿੱਤੀ ਸੀ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਮਾਤਾ-ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਦੇ ਮਾਤਾ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਪਾਲ ‘ਤੇ ਬਹੁਤ ਮਾਣ ਹੈ ਕਿ ਉਸਨੇ ਖੁਦ ਗ੍ਰਿਫ਼ਤਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਉਹ ਉਸਦਾ ਕੇਸ ਲੜਨਗੇ।

ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਸ਼ੇਰ ਹੈ ਤੇ ਉਸਨੇ ਸ਼ੇਰ ਵਾਂਗ ਹੀ ਆਤਮ ਸਮਰਪਣ ਕੀਤਾ ਉਨ੍ਹਾਂ ਨੇ ਕਿ ਉਹਨਾਂ ਨੂੰ ਖਬਰਾਂ ਤੋਂ ਪਤਾ ਲੱਗਾ ਹੈ ਕਿ ਅੱਜ ਸਵੇਰੇ 7 ਵਜੇ ਉਸਨੇ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਉਹਨਾਂ ਦੀ ਨੂੰਹ ਨੂੰ ਵਿਦੇਸ਼ ਜਾਣ ਤੋਂ ਰੋਕ ਕੇ ਵਧੀਕੀ ਕੀਤੀ ਹੈ, ਕਿਉਂਕਿ ਉਸਦੇ ਖਿਲਾਫ ਕੋਈ ਕੇਸ ਨਹੀਂ ਹੈ।

ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋ ਗਿਆ ਹੈ ਤਾਂ ਪੰਜਾਬ ਸਰਕਾਰ ਨੂੰ ਨਜਾਇਜ਼ ਫੜੇ ਸਾਰੇ ਸਿੱਖ ਨੌਜਵਾਨ ਰਿਹਾਅ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਦਾ ਕੇਸ ਲੜਨਗੇ ਤੇ ਉਹ ਬੇਕਸੂਰ ਹੈ।