India Punjab

“ਬੀਜੇਪੀ ਕੋਲ ਭਗਵੰਤ ਮਾਨ ਨੂੰ ਖਰੀਦਣ ਵਾਲਾ ਨੋਟ ਨਹੀਂ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਨ ਮਾਨ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਬੀਜੇਪੀ ਦੇ ਵੱਡੇ ਆਗੂ ਦਾ ਫੋਨ ਆਇਆ ਸੀ ਅਤੇ ਮੈਨੂੰ ਬੀਜੇਪੀ ਵਿੱਚ ਆਉਣ ਦਾ ਆਫਰ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰਿਓ। ਭਗਵੰਤ ਮਾਨ ਜਦੋਂ ਮਾਰਕਿਟ ਵਿੱਚ ਹੀ ਨਹੀਂ ਹੈ ਤਾਂ ਉਸਦਾ ਕੀ ਮੁੱਲ ਪਾਉਗੇ। ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਹੈ। ਮੈਨੂੰ ਲਾਲਚ ਦੇ ਕੇ ਖਰੀਦਿਆ ਨਹੀਂ ਜਾ ਸਕਦਾ।

ਮਾਨ ਨੇ ਕਿਹਾ ਕਿ ਮੈਂ ਪੰਜਾਬ, ਪੰਜਾਬੀਅਤ ਲਈ ਅਤੇ ਪੰਜਾਬ ਦੇ ਲੋਕਾਂ ਲਈ ਖੜਾ ਹਾਂ, ਉਨ੍ਹਾਂ ਦੇ ਵਿਸ਼ਵਾਸ ਉੱਤੇ ਖੜਾ ਹਾਂ। ਮੈਂ ਆਪਣਾ ਪੈਸੇ ਬਣਾਉਣ ਵਾਲਾ ਕਰੀਅਰ ਛੱਡ ਕੇ ਮੈਂ AAP ਬਣਾਈ ਹੈ। ਮੈਂ 2014 ਤੋਂ ਲੈ ਕੇ ਹੁਣ ਤੱਕ ਆਪਣੇ ਖੂਨ ਪਸੀਨੇ ਦੇ ਨਾਲ ਆਪ ਪਾਰਟੀ ਨੂੰ ਸਿੰਜਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਬੀਜੇਪੀ ਲੀਡਰ ਨੇ ਮੈਨੂੰ ਖਰੀਦਣਾ ਚਾਹਿਆ, ਸਮਾਂ ਆਉਣ ‘ਤੇ ਉਸਦਾ ਨਾਂ ਦੱਸਿਆ ਜਾਵੇਗਾ। ਮੇਰੇ ਵਿਰੁੱਧ ਕੋਈ ਈਡੀ ਦਾ ਪਰਚਾ, ਇਨਕਮ ਟੈਕਸ ਜਾਂ ਕੋਈ ਸੀਬੀਆਈ ਜਾਂਚ ਨਹੀਂ ਭੇਜ ਸਕਦੇ ਕਿਉਂਕਿ ਮੇਰੇ ਕੋਲ ਗਲਤ ਕੰਮ ਦਾ ਕੋਈ ਲੈਣ-ਦੇਣ ਹੀ ਨਹੀਂ ਹਾਂ। ਮੈਂ ਸੰਸਦ ਵਿੱਚ ਸਭ ਤੋਂ ਵੱਧ ਸਵਾਲ ਮੈਂ ਪੁੱਛਦਾ ਹਾਂ, ਸ਼ਾਇਦ ਮੈਨੂੰ ਚੁੱਪ ਕਰਾਉਣ ਲਈ ਹੀ ਉਨ੍ਹਾਂ ਨੇ ਮੈਨੂੰ ਆਫਰ ਦਿੱਤੀ ਹੈ। ਮਾਨ ਨੇ ਕਿਹਾ ਕਿ ਮੈਂ ਮਿਸ਼ਨ ‘ਤੇ ਹਾਂ, ਕਮਿਸ਼ਨ ‘ਤੇ ਨਹੀਂ ਹਾਂ। ਬੀਜੇਪੀ ਕੋਲ ਉਹ ਨੋਟ ਨਹੀਂ ਹਨ ਜੋ ਭਗਵੰਤ ਮਾਨ ਨੂੰ ਖਰੀਦ ਸਕਣ।

ਭਗਵੰਤ ਮਾਨ ਨੇ ਦਿੱਲੀ ਵਿੱਚ ਚੱਲ ਰਹੇ ਗੈਸਟ ਅਧਿਆਪਕਾਂ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਆਪ ਦੀ ਸਰਕਾਰ ਆਈ ਹੈ ਇਨ੍ਹਾਂ ਅਧਿਆਪਕਾਂ ਦੀ ਤਨਖਾਹ 36 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਅਤੇ 5 ਅਕਤੂਬਰ 2017 ਨੂੰ ਉਨ੍ਹਾਂ ਨੂੰ ਪਰਮਾਨੈਂਟ ਕਰਨ ਦਾ ਵਿਧਾਨ ਸਭਾ ਵਿੱਚ ਬਿੱਲ ਵੀ ਲਿਆਂਦਾ ਹੈ ਅਤੇ ਬਿੱਲ ਵੀ ਪਾਸ ਹੋ ਗਿਆ ਪਰ ਐੱਲਜੀ ਨੇ ਉਸਨੂੰ ਖਾਰਜ ਕਰ ਦਿੱਤਾ। ਪੰਜਾਬ ਵਿੱਚ ਅਸੀਂ ਤਾਂ ਗਾਰੰਟੀਆਂ ਦਿੰਦੇ ਹਾਂ ਕਿਉਂਕਿ ਪੰਜਾਬ ਵਿੱਚ ਐੱਲਜੀ ਵਾਲਾ ਕੋਈ ਅੜਿੱਕਾ ਨਹੀਂ ਪਵੇਗਾ। ਮਾਨ ਨੇ ਨਵਜੋਤ ਸਿੱਧੂ ਵੱਲੋਂ ਅੱਜ ਕੇਜਰੀਵਾਲ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਬਾਰੇ ਦਾਅਵਾ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਧਰਨੇ ਵਿੱਚ ਬੈਠੇ ਹਨ, ਉਸ ਵਿੱਚ ਬਹੁਤੇ ਅਧਿਆਪਕ ਨਹੀਂ ਹਨ। ਮੈਂ ਤਾਂ ਚਾਹੁੰਦਾ ਹਾਂ ਕਿ ਸਿੱਖਿਆ ਨੂੰ ਮੁੱਦਾ ਬਣਾਇਆ ਜਾਵੇ, ਇਸ ਤੋਂ ਪਹਿਲਾਂ ਤਾਂ ਕੋਈ ਸਿੱਖਿਆ ਨੂੰ ਮੁੱਦਾ ਬਣਾਉਂਦਾ ਹੀ ਨਹੀਂ ਸੀ।

ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ 72 ਦਿਨਾਂ ਦਾ ਰਿਪੋਰਟ ਕਾਰਡ ਦੇਣ ਨਾਲ ਨਹੀਂ ਕੰਮ ਚੱਲਣਾ। ਪੰਜਾਬ ਦੇ ਲੋਕ ਪੌਣੇ ਪੰਜ ਸਾਲ ਦਾ ਹਿਸਾਬ ਮੰਗਣਗੇ। ਪੰਜਾਬ ਦਾ ਇਨ੍ਹਾਂ ਨੇ ਜੋ ਵਿਗਾੜਨਾ ਸੀ, ਉਹ ਵਿਗਾੜ ਦਿੱਤਾ, ਹੁਣ ਇਕੱਲੇ ਐਲਾਨਾਂ ਨਾਲ ਕੁੱਝ ਨਹੀਂ ਬਣਨਾ। ਐਲਾਨਾਂ ਉੱਤੇ ਅਮਲ ਕਰਨਾ ਪਵੇਗਾ, ਪਰ ਹੁਣ ਓਨਾ ਸਮਾਂ ਨਹੀਂ ਹੈ।