India Punjab

ਆਜ਼ਾਦੀ ਸੰਘ ਰਸ਼ ਨੂੰ ਯਾਦ ਕਰਨ ਲਈ ਹੁਣ, ਪੰਜਾਬ ਦੇ ਦਫ਼ਤਰਾਂ ‘ਚ ਲੱਗਣਗੀਆਂ ਇਨ੍ਹਾਂ ਦੀਆਂ ਤਸਵੀਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਾਰੇ ਸਰਕਾਰੀ ਦਫਤਰਾਂ ‘ਚ ਸਿਰਫ਼ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਦਫ਼ਤਰ ਵਿੱਚ ਸੀਐੱਮ ਜਾਂ ਕਿਸੇ ਵੀ ਹੋਰ ਨੇਤਾ ਦੀ ਫੋਟੋ ਨਹੀਂ ਲਗਾਈ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਜਿੰਨੀ ਵਾਰ ਵੀ ਇਨ੍ਹਾਂ ਦੀਆਂ ਤਸਵੀਰਾਂ ਵੇਖਾਂਗੇ, ਸਾਨੂੰ ਉਨ੍ਹਾਂ ਦਾ ਸੰਘਰਸ਼ ਯਾਦ ਆਵੇਗਾ , ਪ੍ਰੇਰਣਾ ਮਿਲੇਗੀ। ਅੰਬੇਦਕਰ ਦਾ ਜੋ ਸੰਘਰਸ਼ ਸੀ, ਉਨ੍ਹਾਂ ਦਾ ਇਤਿਹਾਸ ਪੜ ਕੇ ਯਕੀਨ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰਾਣੀ ਧਰਤੀ ‘ਤੇ ਆਇਆ ਸੀ।

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਸਰਕਾਰ ਨੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਦੇ ਬੁੱਤ ਲਗਾਏ ਹਨ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਆਮ ਆਦਮੀ ਪਾਰਟੀ ਕਿਸੇ ਵੀ ਰੋਡ ਸ਼ੋਅ ਜਾਂ ਰੈਲੀ ਵਿੱਚ ਇੱਕੋ ਮਾਈਕ ਤੋਂ ਤਿੰਨ-ਚਾਰ ਨਾਅਰੇ ਲਗਾਉਂਦੀ ਹੈ ਜਿਸ ਵਿੱਚ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਇਨਕਲਾਬ ਜ਼ਿੰਦਾਬਾਦ ਅਤੇ ਬੋਲੇ ਸੋ ਨਿਹਾਲ। ਆਪ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।

ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਚੋਣ ਲੜ ਰਹੇ ਹਨ ਅਤੇ ਦੋਵੇਂ ਇੱਕ-ਦੂਜੇ ਨੂੰ ਗਾਲੀ-ਗਲੋਚ ਕਰ ਰਹੇ ਹਨ, ਜਿਸ ਕਰਕੇ ਲੋਕਾਂ ਦੇ ਮੁੱਦਿਆਂ ਵੱਲ ਇਨ੍ਹਾਂ ਦਾ ਧਿਆਨ ਨਹੀਂ ਜਾ ਰਿਹਾ। ਪਰ ਸਾਡੀ ਉਮੀਦਵਾਰ ਡਾ.ਜੀਵਨਜੋਤ ਕੌਰ ਘਰ-ਘਰ ਜਾ ਕੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰ ਰਹੀ ਹੈ। ਨਵਜੋਤ ਸਿੱਧੂ ਨੇ ਆਪਣੇ ਹਲਕੇ ਦੇ ਲਈ ਕੁੱਝ ਵੀ ਨਹੀਂ ਕੀਤਾ , ਉਹ ਤਾਂ ਲੋਕਾਂ ਦੇ ਫੋਨ ਤੱਕ ਨਹੀਂ ਚੁੱਕਦੇ ਪਰ ਸਾਡੀ ਉਮੀਦਵਾਰ ਲੋਕਾਂ ਦੇ ਹਰ ਸੁੱਖ-ਦੁੱਖ ਵਿੱਚ ਕੰਮ ਆਵੇਗੀ। ਕੇਜਰੀਵਾਲ ਨੇ ਮਜੀਠੀਆ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਮਜੀਠੀਆ ਦਾ ਅੰਮ੍ਰਿਸਤਰ ਪੂਰਬੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਤਾਂ ਸਿਰਫ਼ ਨਵਜੋਤ ਸਿੱਧੂ ਨੂੰ ਹਰਾਉਣ ਦੇ ਲਈ ਉੱਥੋਂ ਲੜ ਰਿਹਾ ਹੈ। ਇਸ ਲਈ ਜਨਤਾ ਇੱਕ ਬਟਨ ਦਬਾ ਕੇ ਜੀਵਨਜੋਤ ਕੌਰ ਨੂੰ ਜਿਤਾ ਦੇਵੇ ਅਤੇ ਇਨ੍ਹਾਂ ਦੋਵਾਂ ਨੂੰ ਹਰਾ ਦੇਵੇ।

ਕੇਜਰੀਵਾਲ ਨੂੰ ਇੱਕ ਪੱਤਰਕਾਰ ਨੇ ਉਨ੍ਹਾਂ ਵੱਲੋਂ ਭਗਵੰਤ ਮਾਨ ਨੂੰ ਕੱਟੜ ਇਮਾਨਦਾਰ ਕਹਿਣ ਦਾ ਵਿਰੋਧੀਆਂ ਵੱਲੋਂ ਕੱਸੇ ਜਾਂਦੇ ਨਿਸ਼ਾਨਿਆਂ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਭਗਵੰਤ ਮਾਨ ਨੂੰ ਕੱਟੜ ਇਮਾਨਦਾਰ ਕਹਿੰਦਾ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੱਟੜ ਭ੍ਰਿਸ਼ਟਾਚਾਰੀ ਹਨ। ਉਹ ਕੱਟੜ ਭ੍ਰਿਸ਼ਟਾਚਾਰੀ ਹਨ ਕਿਉਂਕਿ ਉਹ ਹਰ ਫਾਈਲ ਸਾਈਨ ਕਰਨ ਤੋਂ ਪਹਿਲਾਂ ਵੇਖਦੇ ਹਨ ਕਿ ਇਸ ਵਿੱਚ ਕਿੰਨੇ ਪੈਸੇ ਕਮਾਏ ਜਾਣਗੇ। ਪਰ ਭਗਵੰਤ ਮਾਨ ਲੋਕਾਂ ਦੇ ਹਿੱਤਾਂ ਬਾਰੇ ਸੋਚਦੇ ਹਨ।

ਪੱਤਰਕਾਰ ਨੇ ਇੱਕ ਹੋਰ ਸਵਾਲ ਪੁੱਛਿਆ ਕਿ ਕਾਂਗਰਸ ਦੇ ਸੰਸਦ ਮੈਂਬਰ ਕਹਿ ਰਹੇ ਹਨ ਕਿ ਭਾਜਪਾ ਆਪ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਆਉਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਐਲਾਨਿਆ ਅਤੇ ਦੂਜੇ ਪਾਸੇ ਈਡੀ ਦੀ ਰੇਡ ਹੁੰਦੀ ਹੈ। ਦੋ ਵੀਡੀਓ ਪੈਰਲਲ ਚਲਾਈਆਂ ਜਾ ਰਹੀਆਂ ਹਨ। ਤਾਂ ਕੇਜਰੀਵਾਲ ਨੇ ਇਸਦਾ ਜਵਾਬ ਦਿੱਤਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਭਾਜਪਾ ਨੂੰ ਕਹਿ ਕੇ ਚੰਨੀ ਸਾਬ੍ਹ ‘ਤੇ ਈਡੀ ਦੀ ਰੇਡ ਕਰਵਾਈ ਹੈ। ਜੇ ਮੈਂ ਇੰਨਾ ਪਾਵਰਫੁੱਲ ਹਾਂ ਤਾਂ ਫਿਰ ਤਾਂ ਮੈਂ ਦੋ-ਚਾਰ ਦੇ ਉੱਪਰ ਹੋਰ ਕਰਵਾ ਦਿਆਂ। ਈਡੀ, ਸੀਬੀਆਈ, ਇਨਕਮ ਟੈਕਸ ਵਾਲੇ ਤਾਂ ਮੇਰੇ ਬੈੱਡਰੂਮ ਤੱਕ ਆ ਗਏ ਸਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਨ੍ਹਾਂ ਤੋਂ ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ। ਕੇਜਰੀਵਾਲ ਫਿਰ ਸਿੱਧੂ ‘ਤੇ ਵਰ੍ਹਦਿਆਂ ਬੋਲੇ ਕਿ ਸਿੱਧੂ ਦੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਨਹੀਂ ਹੈ, ਪੰਜਾਬ ਨੂੰ ਸੁਧਾਰਨ ਦੇ ਲਈ ਨਹੀਂ ਹੈ, ਉਨ੍ਹਾਂ ਦੀ ਲੜਾਈ ਮੁੱਖ ਮੰਤਰੀ ਬਣਨ ਦੇ ਲਈ ਹੈ।

ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ। ਇਸ ਉੱਤੇ ਅਕਾਲੀ ਦਲ ਸਿਰਫ਼ ਤੇ ਸਿਰਫ਼ ਗੰਦੀ ਰਾਜਨੀਤੀ ਕਰ ਰਿਹਾ ਹੈ। ਅਸੀਂ ਇਸ ਗੰਦੀ ਰਾਜਨੀਤੀ ਦੀ ਕਠੋਰ ਨਿੰਦਾ ਕਰਦੇ ਹਾਂ। ਦਿੱਲੀ ਦੇ ਅੰਦਰ ਕਾਨੂੰਨ ਵਿਵਸਥਾ ਅਤੇ ਪੁਲਿਸ ਦਿੱਲੀ ਸਰਕਾਰ ਦੇ ਅਧੀਨ ਨਹੀਂ ਹੈ, ਉਹ ਐੱਲਜੀ, ਕੇਂਦਰ ਸਰਕਾਰ ਦੇ ਕੋਲ ਹੈ। ਇਸਦੀ ਪ੍ਰਕਿਰਿਆ ਮੈਂ ਸਮਝਾ ਦਿੰਦਾ ਹੈ। ਇੱਕ ਸਨਟੈਂਸ ਰਿਵਿਊ ਬੋਰਡ (Sentence Review Board) ਹੈ, ਉਹ ਬੋਰਡ ਜਿੰਨੇ ਵੀ ਮਾਮਲੇ ਆਉਂਦੇ ਹਨ, ਜਿਵੇਂ ਰਿਹਾਈ, ਸਜ਼ਾ ਘੱਟ ਕਰਨਾ ਜਾਂ ਸਜ਼ਾ ਮੁਆਫ ਕਰਨਾ, ਉਸ ਬੋਰਡ ਵਿੱਚ ਜੱਜ, ਅਫ਼ਸਰ, ਪੁਲਿਸ ਅਧਿਕਾਰੀ ਬੈਠਦੇ ਹਨ, ਜੋ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ। ਉਸ ਵਿੱਚ ਮੁੱਖ ਮੰਤਰੀ ਦੇ ਦਖਲ-ਅੰਦਾਜ਼ੀ ਨਹੀਂ ਹੈ। ਇਸ ਬੋਰਡ ਦੀ ਅਗਲੀ ਜਿਹੜੀ ਵੀ ਮੀਟਿੰਗ ਹੋਵੇਗੀ, ਮੈਂ ਇਹ ਭਰੋਸਾ ਦਿੰਦਾ ਹਾਂ ਕਿ ਇਹ ਏਜੰਡਾ ਜ਼ਰੂਰ ਸ਼ਾਮਿਲ ਕੀਤਾ ਜਾਵੇਗਾ। ਅਗਲੀ ਮੀਟਿੰਗ ਵਿੱਚ ਇਸ ਮੁੱਦੇ ‘ਤੇ ਚਰਚਾ ਜ਼ਰੂਰ ਕਰਵਾਈ ਜਾਵੇਗੀ ਅਤੇ ਇਸ ਮੀਟਿੰਗ ਤੋਂ ਬਾਅਦ ਮਾਮਲੇ ਦਾ ਜੋ ਵੀ ਨਤੀਜਾ ਹੋਵੇਗਾ, ਉਹ ਫਾਈਲ ਐੱਲਜੀ ਕੋਲ ਜਾਵੇਗੀ ਅਤੇ ਉਹ ਉਸ ‘ਤੇ ਫੈਸਲਾ ਲੈਣਗੇ। ਉਨ੍ਹਾਂ ਨੇ ਲੋਕਾਂ ਨੂੰ ਅਗਲੀ ਮੀਟਿੰਗ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਦੇ ਨਾਲ ਭਿੜਦੇ ਹੋਏ ਵੀ ਨਜ਼ਰ ਆਏ। ਦਰਅਸਲ, ਇੱਕ ਪੱਤਰਕਾਰ ਵੱਲੋਂ ਪ੍ਰੋ.ਭੁੱਲਰ ਦੀ ਰਿਹਾਈ ਦੇ ਬਾਰੇ ਸਵਾਲ ਪੁੱਛਿਆ ਜਾ ਰਿਹਾ ਸੀ ਪਰ ਕੇਜਰੀਵਾਲ ਕਿਸੇ ਹੋਰ ਪੱਤਰਕਾਰ ਦਾ ਜਵਾਬ ਦੇ ਰਹੇ ਸਨ। ਪਹਿਲੇ ਪੱਤਰਕਾਰ ਵੱਲੋਂ ਵਾਰ-ਵੱਰ ਸਵਾਲ ਪੁੱਛਣ ‘ਤੇ ਕੇਜਰੀਵਾਲ ਨੂੰ ਖਿੱਝ ਆ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਬਦਤਮੀਜ਼ੀ ਨਹੀਂ ਚੱਲੇਗੀ।