India Punjab

ਚੋਣਾਂ : ਭਾਈਚਾਰਿਆਂ ‘ਚ ਵੰਡੀਆਂ ਪਾਉਣ ਵਾਲਿਆਂ ਨੂੰ ਨਹੀਂ ਮਿਲੇਗਾ ਕਿਸਾਨਾਂ ਦਾ ਸਾਥ – ਟਿਕੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੋਣਾਂ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵੋਟਰ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਸਮਰਥਨ ਦੇਣਗੇ, ਜਿਹੜੇ ਉਮੀਦਵਾਰ ਕਿਸਾਨਾਂ ਦੀ ਭਲਾਈ ਦੀ ਗੱਲ ਕਰਨਗੇ ਅਤੇ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਵਾਲਿਆਂ ਦੇ ਹੱਥ ਕੁੱਝ ਨਹੀਂ ਲੱਗਣਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿੱਚ ਕਿਸਾਨ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਦੇ ਘੱਟ ਭਾਅ ਮਿਲ ਰਹੇ ਹਨ ਅਤੇ ਉਹ ਬਿਜਲੀ ਦੇ ਭਾਰੀ ਬਿੱਲ ਭਰਨ ਲਈ ਮਜ਼ਬੂਰ ਹਨ। ਟਿਕੈਤ ਨੇ ਕਿਹਾ, ‘‘ਕਿਸਾਨੀ, ਬੇਰੁਜ਼ਗਾਰੀ ਅਤੇ ਮੱਧਮ ਵਰਗ ਲਈ ਮਹਿੰਗਾਈ ਚੋਣ ਮੁੱਦੇ ਹਨ। ਇਨ੍ਹਾਂ ਮੁੱਦਿਆਂ ਨੂੰ ਅਣਗੌਲਿਆਂ ਕਰ ਕੇ ਨਿਯਮਤ ਤੌਰ ’ਤੇ ਜਿਨਾਹ ਅਤੇ ਪਾਕਿਸਤਾਨ ਬਾਰੇ ਬਿਆਨ ਜਾਰੀ ਕਰ ਕੇ ਹਿੰਦੂ-ਮੁਸਲਮਾਨ ਵੋਟਰਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜਿਹਾ ਕਰਨ ਵਾਲਿਆਂ ਦੀਆਂ ਇਹ ਕੋਸ਼ਿਸ਼ਾਂ ਕੰਮ ਨਹੀਂ ਕਰਨਗੀਆਂ ਬਲਕਿ ਇਸ ਨਾਲ ਉਨ੍ਹਾਂ ਨੂੰ ਨੁਕਸਾਨ ਹੀ ਹੋਵੇਗਾ।’’ ਹਾਲਾਂਕਿ, ਉਨ੍ਹਾਂ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲਿਆ।

ਟਿਕੈਤ ਨੇ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਜਪਾ ਖ਼ਿਲਾਫ਼ ਪ੍ਰਚਾਰ ਕਰਨਗੇ, ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਕੋਈ ਸਿਆਸਤਦਾਨ ਨਹੀਂ ਹਾਂ, ਮੈਂ ਸਿਆਸੀ ਪਾਰਟੀਆਂ ਤੋਂ ਦੂਰ ਰਹਿੰਦਾ ਹਾਂ। ਮੈਂ ਸਿਰਫ਼ ਕਿਸਾਨ ਮੁੱਦਿਆਂ ਦੀ ਗੱਲ ਕਰਦਾ ਹਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਆਗੂਆਂ ਨੂੰ ਸਵਾਲ ਕਰਨ। ਮੈਂ ਕਿਸਾਨ ਮੁੱਦੇ ਉਠਾਉਂਦਾ ਰਹਾਂਗਾ। ਉੱਤਰ ਪ੍ਰਦੇਸ਼ ਵਿੱਚ ਕਿਸਾਨ ਮੁਸ਼ਕਿਲ ਦੌਰ ’ਚੋਂ ਲੰਘ ਰਹੇ ਹਨ। ਇੱਥੇ ਕਿਸਾਨਾਂ ਨੂੰ ਨਾ ਸਿਰਫ਼ ਉਨ੍ਹਾਂ ਦੀਆਂ ਜਿਣਸਾਂ ਦੇ ਘੱਟ ਭਾਅ ਮਿਲ ਰਹੇ ਹਨ ਬਲਕਿ ਬਿਜਲੀ ਲਈ ਬਹੁਤ ਜ਼ਿਆਦਾ ਦਰਾਂ ’ਤੇ ਅਦਾਇਗੀ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ।”

ਆਗਾਮੀ ਚੋਣਾਂ ਦੇ ਜੇਤੂ ਬਾਰੇ ਕੋਈ ਵੀ ਭਵਿੱਖਬਾਣੀ ਕਰਨ ਤੋਂ ਨਾਂਹ ਕਰਦਿਆਂ ਟਿਕੈਤ ਨੇ ਦਾਅਵਾ ਕੀਤਾ ਕਿ ਮੌਜੂਦਾ ਵੰਡ ਤੋਂ ਕਿਸਾਨ ਖੁਸ਼ ਨਹੀਂ ਸਨ ਅਤੇ ਚੋਣਾਂ ਦੇ ਨਤੀਜਿਆਂ ਵਿੱਚ ਇਹ ਨਜ਼ਰ ਆਵੇਗਾ। ਉਨ੍ਹਾਂ ਕਿਹਾ, ‘‘ਮੈਂ ਇਸ ’ਤੇ ਟਿੱਪਣੀ ਨਹੀਂ ਕਰ ਸਕਦਾ ਕਿ ਚੋਣਾਂ ਕਿਹੜੇ ਪਾਸੇ ਨੂੰ ਜਾ ਰਹੀਆਂ ਹਨ ਜਾਂ ਕਿਹੜੀ ਪਾਰਟੀ ਜਿੱਤੇਗੀ ਪਰ ਜਿੰਨੇ ਕਿਸਾਨਾਂ ਨੂੰ ਮੈਂ ਮਿਲਿਆ ਹਾਂ, ਉਹ ਸੂਬੇ ਦੀ ਮੌਜੂਦਾ ਸਥਿਤੀ ਤੋਂ ਖੁਸ਼ ਨਹੀਂ ਹਨ। ਅੱਗੇ ਕਿਸਾਨਾਂ ਨੂੰ ਜਿਹੜੀ ਚਿੰਤਾ ਹੈ ਉਹ ਇਹ ਹੈ ਕਿ ਉਨ੍ਹਾਂ ਦੇ ਬੱਚਿਆਂ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਮੇਰੇ ਖਿਆਲ ਨਾਲ ਕਿਸਾਨ ਅਤੇ ਸਥਾਨਕ ਲੋਕ ਵੋਟ ਪਾਉਣ ਵੇਲੇ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਗੇ।’’

ਟਿਕੈਤ ਨੇ ਸੂਬੇ ਵਿਚ ਵੋਟਾਂ ਦੀ ਗਿਣਤੀ ਦੌਰਾਨ ਲੋਕਾਂ ਨੂੰ ਜ਼ਿਲ੍ਹਾ ਮੈਜਿਸਟਰੇਟਾਂ ਅਤੇ ਪੁਲਿਸ ਦੇ ਸੁਪਰਡੈਂਟਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਹ ਅਧਿਕਾਰੀ ਸੱਤਾ ’ਤੇ ਕਾਬਜ਼ ਸਰਕਾਰ ਦਾ ਪੱਖ ਪੂਰ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਰਾਸ਼ਟਰੀ ਲੋਕ ਦਲ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੇਗੀ, ਬਾਰੇ ਟਿਕੈਤ ਨੇ ਕਿਹਾ, ‘‘ਮੈਂ ਸੋਚਦਾ ਹਾਂ ਕਿ ਵੋਟਰ ਉਨ੍ਹਾਂ ਦਾ ਸਮਰਥਨ ਕਰਨਗੇ ਜੋ ਕਿਸਾਨਾਂ ਦੇ ਖ਼ਿਲਾਫ਼ ਨਹੀਂ ਹਨ। ਉਹ ਉਨ੍ਹਾਂ ਨੂੰ ਸਮਰਥਨ ਦੇਣਗੇ, ਜੋ ਹਿੰਦੂ ਤੇ ਮੁਸਲਮਾਨ ਵੋਟਰਾਂ ’ਚ ਵੰਡੀਆਂ ਨਹੀਂ ਪਾ ਰਹੇ ਹਨ।