ਫਿਰੋਜ਼ਪੁਰ : ਹੈਕਰਾਂ ਦੀ ਇੱਕ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਬਾਰੇ ਤਸੀਂ ਪਹਿਲਾਂ ਕਦੇ ਵੀ ਨਹੀ ਸੁਣਿਆ ਹੋਵੇਗਾ। ਫਿਰੋਜ਼ਪੁਰ ਦੇ ਇੱਕ ਸ਼ਖ਼ਸ ਨੇ ਮੋਬਾਈਲ ਹੈਕਰ ਤੋਂ ਤੰਗ ਆਕੇ ਆਪਣੀ ਜਾਨ ਗਵਾਈ ਹੈ। ਮ੍ਰਿਤਕ ਦੀ ਪਛਾਣ ਪ੍ਰਭਜੀਤ ਸਿੰਘ ਭੁੱਲਰ ਮੁਦਕੀ ਵਾਰਡ ਨੰਬਰ 5 ਦੇ ਰੂਪ ਵਿੱਚ ਹੋਈ ਹੈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇੱਕ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਕਿਵੇਂ ਉਸ ਨੂੰ ਹੈਕਰ ਬਲੈਕਮੇਲ ਕਰ ਰਹੇ ਸਨ ।
ਹੈਕਰਾਂ ਕੋਲ ਮ੍ਰਿਤਕ ਦੇ ਸਾਰੇ ਦਸਤਾਵੇਜ਼ ਸਨ
ਮ੍ਰਿਤਕ ਨੇ ਮਰਨ ਤੋਂ ਪਹਿਲਾਂ ਜਿਹੜਾ ਨੋਟ ਲਿਖਿਆ ਹੈ ਉਸ ਵਿੱਚ ਕਿਹਾ ਹੈ ਕਿ ਹੈਕਰਾਂ ਨੇ ਕਾਫੀ ਸਮੇਂ ਪਹਿਲਾਂ ਉਸ ਦਾ ਫ਼ੋਨ ਹੈਕ ਕਰ ਲਿਆ ਸੀ। ਉਨ੍ਹਾਂ ਦੇ ਕੋਲ ਉਸ ਦਾ ਆਧਾਰ ਕਾਰਡ, ਪੈਨ ਕਾਰਡ, ਸਾਰੇ ਦਸਤਾਵੇਜ਼, ਕਾਂਟੈਕਟ ਨੰਬਰ ਅਤੇ ਪਰਿਵਾਰਿਕ ਮੈਂਬਰਾਂ ਦੀ ਤਸਵੀਰਾਂ ਸਨ। ਹੈਕਰਸ ਉਸ ਨੂੰ ਬਲੈਕਮੇਲ ਕਰ ਰਹੇ ਸਨ, ਰੋਜ਼ਾਨਾ 15 ਤੋਂ 20 ਫ਼ੋਨ ਆਉਂਦੇ ਸਨ, ਸਾਰੇ ਨੰਬਰ ਫੇਕ ਨਿਕਲ ਦੇ ਸਨ, ਜਿੰਨ੍ਹਾਂ ‘ਤੇ ਮੁੜ ਤੋਂ ਕਾਲ ਨਹੀਂ ਕੀਤੀ ਜਾ ਸਕਦੀ ਸੀ।
ਫੋਟੋ ਐਡਿਟ ਕਰਕੇ ਵਾਇਰਲ ਕਰਨ ਦੀ ਧਮਕੀ
ਪਰਿਵਾਰ ਦੇ ਮੁਤਾਬਕ ਪ੍ਰਭਜੀਤ ਸਿੰਘ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਮੋਬਾਈਲ ਹੈਕਰਸ WhatsApp ‘ਤੇ ਫੈਮਿਲੀ ਫੋਟੋ ਪਾਕੇ ਕਹਿੰਦੇ ਸਨ ਕਿ ਪੈਸੇ ਦਿਉ ਨਹੀਂ ਤਾਂ ਪਰਿਵਾਰ ਦੀ ਤਸਵੀਰ ਨੂੰ ਐਡਿਟ ਕਰਕੇ ਪਾ ਦੇਵਾਂਗੇ ਅਤੇ ਉਸ ਨੂੰ ਵਾਇਰਲ ਵੀ ਕੀਤਾ ਜਾਵੇਗਾ, ਸਿਰਫ ਇੰਨਾ ਹੀ ਨਹੀਂ ਬਲਕਿ ਇਹ ਵੀ ਧਮਕੀ ਦਿੱਤੀ ਗਈ ਸੀ ਕਿ ਜੇਕਰ ਫ਼ੋਨ ਬਦਲਿਆ ਤਾਂ ਨੁਕਸਾਨ ਦਾ ਜ਼ਿੰਮੇਵਾਰ ਉਹ ਆਪ ਹੋਵੇਗਾ ।
ਪਰਿਵਾਰ, ਪਤਨੀ, ਧੀ, ਪੁੱਤਰ ਤੋਂ ਮੁਆਫ਼ੀ ਮੰਗੀ
ਪ੍ਰਭਜੀਤ ਨੇ ਆਪਣੇ ਅਖੀਰਲੇ ਨੋਟ ਵਿੱਚ ਆਪਣੇ ਪਰਿਵਾਰ, ਪਤਨੀ ਹਰਜੀਤ ਕੌਰ, ਧੀ ਅਨੁਰੀਤ ਕੌਰ ਅਤੇ ਪੁੱਤਰ ਗੁਰਮੀਤ ਸਿੰਘ ਕੋਲੋ ਮੁਆਫ਼ੀ ਮੰਗੀ, ਉਸ ਨੇ ਲਿਖਿਆ ਮੈਂ ਜੋ ਫ਼ੈਸਲਾ ਲਿਆ ਹੈ, ਉਹ ਉਸ ਦਾ ਆਪਣਾ ਹੈ, ਹੈਕਰਾਂ ਨੇ ਹੀ ਉਸ ਨੂੰ ਆਪਣੀ ਜਾਨ ਲੈਣ ਲਈ ਮਜ਼ਬੂਰ ਕੀਤਾ ਹੈ। ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ ਤਾਂਕਿ ਹੋਰ ਅਜਿਹਾ ਘਟਨਾ ਨਾ ਵਾਪਰੇ।