Punjab

ਬਰਗਾੜੀ ਬੇਅਦਬੀ ਮਾਮਲੇ ‘ਚ ਵੱਡੀ ਕਾਮਯਾਬੀ !

ਬਿਊਰੋ ਰਿਪੋਰਟ :  ਬੈਂਗਲੁਰੂ ਏਅਰਪੋਰਟ ‘ਤੇ ਬਰਗਾੜੀ ਬੇਅਦਬੀ ਦੇ ਸਾਜ਼ਿਸ਼ਕਰਤਾ ਨੂੰ ਡਿਟੇਨ ਕੀਤਾ ਗਿਆ ਹੈ। ਸੰਦੀਪ ਬਰੇਟਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਫਰਾਰ ਦੱਸਿਆ ਜਾ ਰਿਹਾ ਸੀ। ਬੇਅਦਬੀ ਦੇ ਜਿਹੜੇ ਤਿੰਨ ਸਾਜ਼ਿਸ਼ਕਰਤਾ ਸੀ, ਉਨ੍ਹਾਂ ਵਿੱਚ ਸੰਦੀਪ ਬਰੇਟਾ ਦਾ ਨਾਂ ਵੀ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਬਰੇਟਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ ਵੀ ਹੈ। ਬਰਗਾੜੀ ਬੇਅਦਬੀ ਦੀ ਤਿੰਨੋ ਘਟਨਾਵਾਂ ਵਿੱਚ ਸੰਦੀਪ ਬਰੇਟਾ ਨਾਮਜ਼ਦ ਹੈ। ਅਦਾਲਤ ਨੇ ਸੰਦੀਪ ਬਰੇਟਾ ਦੇ ਨਾਲ ਹਰਸ਼ ਧੂਰੀ, ਪ੍ਰਦੀਪ ਕਲੇਰ ਨੂੰ ਵੀ ਭਗੌੜਾ ਐਲਾਨਿਆਂ ਹੋਇਆ ਸੀ। ਫਰੀਦਕੋਟ ਦੀ ਪੁਲਿਸ ਟੀਮ ਬੈਂਗਲੁਰੂ ਲਈ ਰਵਾਨਾ ਹੋ ਗਈ ਹੈ ਅਤੇ ਉਸ ਦਾ ਵੈਰੀਫਿਕੇਸ਼ਨ ਕੀਤੀ ਜਾਵੇਗੀ।

ਇਹ ਸਨ ਤਿੰਨ ਮਾਮਲੇ ਜਿੰਨਾਂ ਵਿੱਚ ਨਾਮਜ਼ਦ ਸੀ

ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ‘ਤੇ ਬੇਅਦਬੀ ਨਾਲ ਜੁੜੇ ਜਿਹੜੇ ਤਿੰਨ ਮਾਮਲੇ ਸਨ, ਉਨ੍ਹਾਂ ਵਿੱਚ ਪਹਿਲਾਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਚੋਰੀ ਕਰਨਾ, ਦੂਜਾ ਸੀ ਵਿਵਾਦਿਤ ਪੋਸਟ ਛਾਪਨਾ ਅਤੇ ਤੀਜਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਸੀ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਤਿੰਨੋ ਫਰੀਦਕੋਟ ਦੀ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ। ਹਾਲਾਂਕਿ ਦੋ ਮੁਲਜ਼ਮ ਹੁਣ ਵੀ ਫਰਾਰ ਦੱਸੇ ਜਾ ਰਹੇ ਹਨ, ਜੇਕਰ ਬੈਂਗਲੁਰੂ ਏਅਰਪੋਰਟ ‘ਤੇ ਡਿਟੇਨ ਕੀਤਾ ਗਿਆ ਮੁਲਜ਼ਮ ਸੰਦੀਪ ਬਰੇਟਾ ਹੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਦੋ ਹੋਰ ਮੁਲਜ਼ਮਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਦੀ ਵੀ ਪੁੱਛ-ਗਿੱਛ ਤੋਂ ਬਾਅਦ ਜਲਦ ਗ੍ਰਿਫ਼ਤਾਰੀ ਹੋ ਸਕਦੀ ਹੈ। ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਲੱਗੀ ਇਹ ਇੱਕ ਵੱਡੀ ਕਾਮਯਾਬੀ ਹੈ।

ਪੀੜਤ ਸੁਖਰਾਜ ਸਿੰਘ ਦਾ ਬਿਆਨ

ਉਧਰ ਬਰਗਾੜੀ ਬੇਅਦਬੀ ਦੇ ਮੁੱਖ ਮੁਲਜ਼ਮ ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਦੇ ਲਈ ਲੱਗੇ ਪੀੜਤ ਸੁਖਰਾਜ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ 8 ਸਾਲ ਬਾਅਦ ਪੁਲਿਸ ਨੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਸਿਰਫ ਤਿੰਨ ਲੋਕ ਨਹੀਂ ਬਲਕਿ ਕਈ ਲੋਕ ਸ਼ਾਮਲ ਸਨ, ਇਸ ਲਈ ਰਾਮ ਰਹੀਮ ਤੋਂ ਵੀ ਹੁਣ ਪੁੱਛ-ਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਉਹ ਬੇਅਦਬੀ ਦੇ ਲਈ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਨੂੰ ਜਲਦ ਤੋਂ ਜਲਦ ਮਨਜ਼ੂਰ ਕੀਤਾ ਜਾਵੇ।

ਉਧਰ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਵੀ ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਇਸ ਦੀ ਗ੍ਰਿਫ਼ਤਾਰੀ ਤੋਂ ਬਾਅਦ 2 ਹੋਰ ਮੁਲਜ਼ਮਾਂ ਦੀ ਵੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਇਸ ਪੂਰੇ ਬੇਅਦਬੀ ਕਾਂਡ ਵਿੱਚ ਰਾਮ ਰਹੀਮ ਦੀ ਭੂਮਿਕਾ ਕਾਫੀ ਅਹਿਮ ਸੀ,ਜਿਸ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ(SIT) ਨੂੰ ਕਰਨੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਉਸ ਤੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ।