Punjab

ਪੰਜਾਬ ‘ਚ ਛਾਇਆ ਮੁੜ ਬਿਜਲੀ ਸੰਕਟ, ਸੂਬੇ ਦੀ ਕੀ ਹੈ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਫਿਰ ਤੋਂ ਆਉਂਦਾ ਦਿਖਾਈ ਦੇ ਰਿਹਾ ਹੈ। ਕੋਲੇ ਦੇ ਗੰਭੀਰ ਸੰਕਟ ਨੇ ਪਾਵਰ ਪਲਾਂਟਾਂ ਨੂੰ ਪ੍ਰਭਾਵਤ ਕੀਤਾ ਹੈ। ਜਾਣਕਾਰੀ ਮੁਤਾਬਕ ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਪਾਵਰ ਪਲਾਂਟ ਅਤੇ ਰੋਪੜ ਪਲਾਂਟ ਵਿੱਚ ਦੋ-ਦੋ ਯੂਨਿਟ ਬੰਦ ਹਨ, ਜਦਕਿ ਲਹਿਰ ਮੁਹੱਬਤ ਪਲਾਂਟ ਵਿੱਚ ਇੱਕ ਯੂਨਿਟ ਵੀ ਬੰਦ ਕਰ ਦਿੱਤਾ ਗਿਆ ਹੈ।

ਸੂਬੇ ਵਿਚਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਜੇ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿੱਚ ਹੋਰ ਯੂਨਿਟ ਬੰਦ ਹੋ ਜਾਣਗੇ। ਸੂਬੇ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਦੋ ਯੂਨਿਟ ਬੰਦ ਹੋ ਗਏ ਹਨ ਪਰ ਪ੍ਰਬੰਧਕਾਂ ਅਨੁਸਾਰ ਇੱਕ ਯੂਨਿਟ ਬੰਦ ਹੈ।

ਇੱਕ ਹੋਰ ਅਧਿਕਾਰੀ ਮੁਤਾਬਕ ਹਾਲੇ ਸਿਰਫ ਇੱਕ ਯੂਨਿਟ ਬੰਦ ਹੋਇਆ ਹੈ, ਦੋ ਯੂਨਿਟ ਆਪਣੀ ਅੱਧੀ ਸਮਰੱਥਾ ਨਾਲ ਚੱਲ ਰਹੇ ਹਨ। ਲਹਿਰਾ ਮੁਹੱਬਤ ਦਾ ਵੀ ਇੱਕ ਯੂਨਿਟ ਬੰਦ ਹੋ ਗਿਆ ਹੈ। ਕੱਲ੍ਹ ਬਣਾਵਾਲਾਂ ਤਾਪਘਰ ਦੇ ਤਿੰਨੇ ਯੂਨਿਟ ਚੱਲਦੇ ਸਨ ਪਰ ਅੱਜ ਦੋ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ।

ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਕੇਂਦਰ ਸਰਕਾਰ ਨੇ ਕੋਲ ਇੰਡੀਆ ਲਿਮਟਿਡ (ਸੀਆਈਐਲ) ਨੂੰ ਕੋਲੇ ਦਾ ਲੋੜੀਂਦਾ ਸਟਾਕ ਰੱਖਣ ਦੇ ਆਦੇਸ਼ ਦਿੱਤੇ ਹਨ ਜਦਕਿ ਸੀ.ਆਈ.ਐੱਲ. ਦਾ ਕਹਿਣਾ ਹੈ ਕਿ ਇਹ ਕੋਲੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ ‘ਤੇ ਉਪਾਅ ਕਰ ਰਿਹਾ ਹੈ।

ਹਾਲਾਂਕਿ, ਬਿਜਲੀ ਉਤਪਾਦਨ ਕੰਪਨੀਆਂ ਕੋਲੇ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਕਈ ਸੂਬਿਆਂ ਵਿੱਚ ਬਲੈਕ ਆਉਟ ਕਰਨ ਲਈ ਉਲਟੀ ਗਿਣਤੀ ਚੱਲ ਰਹੀ ਹੈ। ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ, ਖਾਸ ਕਰਕੇ ਐੱਨਟੀਪੀਸੀ ਲਿਮਟਿਡ, ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਕੋਲ ਹੁਣ ਕੋਲਾ ਖਤਮ ਹੋਣ ਵਾਲਾ ਹੈ, ਜਦਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਵਿੱਚ ਵਾਧਾ ਹੋਣਾ ਯਕੀਨੀ ਹੈ।

ਉੱਧਰ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਪੰਜਾਬ ਵਿੱਚ ਬਿਜਲੀ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਕੋਲੇ ਦੀ ਕਮੀ ਕਰਕੇ ਥੋੜ੍ਹੀ ਮੁਸ਼ਕਿਲ ਆ ਰਹੀ ਹੈ ਪਰ ਸਾਡਾ ਸਿਸਟਮ ਬਿਲਕੁਲ ਠੀਕ ਚੱਲ ਰਿਹਾ ਹੈ। ਕੋਲੇ ਦੇ ਰੇਟ ਬਹੁਤ ਜ਼ਿਆਦਾ ਹੋ ਗਏ ਹਨ। ਪੰਜਾਬ ਵਿੱਚ ਅਜੇ ਕੋਈ ਥਰਮਲ ਪਲਾਂਟ ਬੰਦ ਨਹੀਂ ਹੋਏ। ਸਾਨੂੰ ਬਿਜਲੀ ਪ੍ਰਤੀ ਯੂਨਿਟ 12 ਰੁਪਏ ਤੋਂ 13 ਰੁਪਏ ਤੱਕ ਪੈ ਰਹੀ ਹੈ। ਪਹਿਲਾਂ ਬਿਜਲੀ ਬਹੁਤ ਘੱਟ ਮਹਿੰਗੀ ਪੈਂਦੀ ਸੀ।