‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੰਨਾ ਸ਼ਹਿਰ ਵਿੱਚ ਇੱਕ ਜਗ੍ਹਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਚੋਣਾਂ ਸਬੰਧੀ ਇੱਕ ਪੋਸਟਰ ਲੱਗਾ ਮਿਲਿਆ। ਪੋਸਟਰ ਵਿੱਚ ਇੱਕ ਸਵਾਲ ਕੀਤਾ ਗਿਆ ਸੀ ਕਿ “ਕੀ ਉਹ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ ? ” ਇਹ ਪੋਸਟਰ ਕਿਸਨੇ ਲਗਾਇਆ ਅਤੇ ਕਿਉਂ ਲਗਾਇਆ, ਇਸ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਹੈ। ਹਾਲਾਂਕਿ, ਇਸ ਪੋਸਟਰ ਨੂੰ ਦਿੱਖ ਪੂਰੀ ਕਿਸਾਨੀ ਅੰਦੋਲਨ ਵਾਲੀ ਦਿੱਤੀ ਗਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਆਪਣੇ-ਆਪ ਨੂੰ ਅਜਿਹੀ ਬਿਆਨਬਾਜ਼ੀ ਜਾਂ ਪੋਸਟਰਾਂ ਤੋਂ ਦੂਰ ਰੱਖਦਾ ਹੈ।
ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਡਾ (ਕਿਸਾਨਾਂ) ਸਿਆਸਤ ‘ਚ ਆਉਣ ਦਾ ਹਾਲੇ ਕੋਈ ਵਿਚਾਰ ਨਹੀਂ ਹੈ। ਜੇ ਇਹ ਖੇਤੀ ਕਾਨੂੰਨ ਰੱਦ ਹੋ ਜਾਂਦੇ ਹਨ ਤਾਂ ਅਸੀਂ ਮੋਰਚਾ ਖਤਮ ਕਰਕੇ ਵਾਪਸ ਚਲੇ ਜਾਵਾਂਗੇ।