‘ਦ ਖ਼ਾਲਸ ਬਿਊਰੋ : ਭਾਰਤ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਜੇਬ ਢਿੱਲੀ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਹਨ। ਹਸਪਤਾਲਾਂ ਵਿੱਚ ਮੌਤਾਂ ਦਾ ਵਰਤਾਰਾ ਵੀ ਆਮ ਹੈ। ਬਾਵਜੂਦ ਇਹਦੇ ਮੁਲਕ ਦੇ ਹਾਕਮਾਂ ਦਾ ਕਦੇ ਦਿਲ ਨਹੀਂ ਪਿਘਲਿਆ ਹੈ। ਦੂਜੇ ਬੰਨੇ ਪੁਰਤਗਾਲ ਦੇ ਇੱਕ ਹਸਪਤਾਲ ਵਿੱਚ ਭਾਰਤੀ ਸੈਲਾਨੀ ਦੀ ਮੌਤ ਹੋ ਜਾਣ ‘ਤੇ ਆਪਣੀ ਨੈਤਿਕ ਜਿੰਮੇਵਾਰੀ ਲੈਂਦਿਆਂ ਉੱਥੋਂ ਦੀ ਮੰਤਰੀ ਸਾਹਿਬਾਂ ਮਾਰਟਾ ਟੇਮੀਡੋ(Marta Temido) ਨੇ ਆਪਣੀ ਜ਼ਮੀਰ ਦਾ ਆਵਾਜ਼ ਸੁਣ ਕੇ ਵਜ਼ਾਰਤ ਛੱਡ ਦਿੱਤੀ ਹੈ।
ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਇਕ 34 ਸਾਲਾ ਗਰਭਵਤੀ ਭਾਰਤੀ ਸੈਲਾਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ ਤ ਹੋ ਗਈ, ਜਦੋਂ ਉਸ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਹਸਪਤਾਲ ‘ਚ ਬੈੱਡ ਨਾ ਮਿਲਣ ਕਾਰਨ ਔਰਤ ਨੂੰ ਕਿਸੇ ਹੋਰ ਥਾਂ ‘ਤੇ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਉਸ ਦੀ ਜਾਨ ਚਲੀ ਗਈ। ਕੁਝ ਘੰਟਿਆਂ ਬਾਅਦ, ਪੁਰਤਗਾਲ ਦੀ ਸਿਹਤ ਮੰਤਰੀ ਮਾਰਟਾ ਟੇਮੀਡੋ ਨੇ ਅਸਤੀਫਾ ਦੇ ਦਿੱਤਾ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਪੁਰਤਗਾਲੀ ਅਖਬਾਰ ਡੀ ਨੋਟੀਸੀਅਸ ਦੇ ਅਨੁਸਾਰ, ਟੈਮੀਡੋ ਨੂੰ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ, ਐਮਰਜੈਂਸੀ ਕਾਰ ਸੇਵਾ ਦੇ ਬੰਦ ਹੋਣ ਅਤੇ ਗਰਭਵਤੀ ਔਰਤਾਂ ਲਈ ਉਚਿਤ ਸਿਹਤ ਸਹੂਲਤਾਂ ਦੀ ਘਾਟ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ।