Punjab

ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ ਦਿੱਲੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ…

ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ(Sidhu Moosewala murder case) ਦੇ ਮਾਸਟਰਮਾਈਂਡ ਮੰਨੇ ਜਾ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ(Gangster Lawrence Bishnoi), ਗੋਲਡੀ ਬਰਾੜ( Gangster Goldy Brar) ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ UAPA (Unlawful Activities (Prevention) Amendment Act) ਤਹਿਤ ਐਫਆਈਆਰ(FIR) ਦਰਜ ਕੀਤੀ ਹੈ।ਯੂਏਪੀਏ ਦੀ ਇੱਕ  ਧਾਰਾ 18 (ਸਾਜਿਸ਼ ਲਈ ਸਜਾ), 18-ਬੀ (ਅੱਤਵਾਦੀ ਕਾਰਵਾਈਆਂ ਲਈ ਕਿਸੇ ਵਿਅਕਤੀ ਜਾਂ ਵਿਅਕਤੀ ਦੀ ਭਰਤੀ ਲਈ ਸਜਾ), ਅਤੇ 20 (ਅੱਤਵਾਦੀ ਗਿਰੋਹ ਜਾਂ ਸੰਗਠਨ ਦੇ ਮੈਂਬਰ ਹੋਣ ਦੀ ਸਜਾ) ਅਤੇ ਸਪੈਸ਼ਲ ਸੇਲ ਵੱਲੋਂ ਆਈਪੀਸੀ 120-ਬੀ (ਆਪਰਾਧਿਕ ਸਾਜਿਸ਼) ਦੇ ਅਧੀਨ ਦੋ FIR ਦਰਜ ਕੀਤੇ ਗਏ ਹਨ। ਇਹਨਾਂ ਕੇਸਾਂ ਵਿੱਚ ਐਸਪੀ ਰੰਕ ਦੇ ਦੋ ਅਧਿਕਾਰੀ ਜਾਂਚ ਅਧਿਕਾਰੀ ਹਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਨਾਮੀ ਗੈਂਗਸਟਰਾਂ ‘ਤੇ ਵੱਡੇ ਪੱਧਰ ‘ਤੇ ਸ਼ਿਕੰਜਾ ਕੱਸਣ ਦਾ ਫ਼ੈਸਲਾ ਲਿਆ ਹੈ। ਜਿਸ ਦੇ ਤਹਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਯੂਏਪੀਏ ਤਹਿਤ 2 ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ।

ਐਫਆਈਆਰ ਅਨੁਸਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਵਿਕਰਮ ਬਰਾੜ, ਜੱਗੂ ਭਗਵਾਨ ਪੁਰੀਆ, ਸੰਦੀਪ ਉਰਫ਼ ਕਾਲਾ ਜਥੇਦਾਰੀ, ਸਚਿਨ ਥਾਪਨ, ਅਨਮੋਲ ਬਿਸ਼ਨੋਈ, ਲਖਬੀਰ ਸਿੰਘ ਲਾਡਾ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਕੈਨੇਡਾ, ਪਾਕਿਸਤਾਨ, ਦੁਬਈ ‘ਚ ਆਪਣਾ ਗੈਂਗ ਚਲਾ ਰਹੇ ਹਨ।

ਇਹ ਗੈਂਗ ਵਿਦੇਸ਼ਾਂ ਤੋਂ ਵੱਡੇ ਹਥਿਆਰ ਲੈ ਕੇ ਟਾਰਗੈਟ ਕਿਲਿੰਗ ਨੂੰ ਅੰਜਾਮ ਦੇ ਰਹੇ ਹਨ। ਇੰਨਾ ਹੀ ਨਹੀਂ, ਲਾਰੈਂਸ ਬਿਸ਼ਨੋਈ ਦੀ ਪਾਕਿਸਤਾਨ ‘ਚ ਬੈਠੇ ਭਾਰਤ ਨੂੰ ਲੋੜੀਂਦੇ ਮੁਲਜ਼ਮ ਹਰਵਿੰਦਰ ਸਿੰਘ ਰਿੰਦਾਂ ਨਾਲ ਨਜ਼ਦੀਕੀਆਂ ਦੀ ਵੀ ਖ਼ਬਰ ਸਾਹਮਣੇ ਆ ਰਹੀ ਹੈ।

ਦੂਜੇ ਪਾਸੇ ਬਿਸ਼ਨੋਈ ਗੈਂਗ ਦੇ ਵਿਰੋਧੀ ਮੰਨੇ ਜਾਂਦੇ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰਾਂ ਖ਼ਿਲਾਫ਼ ਵੀ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚ ਅਰਮਾਨਿਆ ਤੋਂ ਗੈਂਗ ਚੱਲਾ ਰਹੇ ਲੱਕੀ ਪਟਿਆਲ ਦਾ ਨਾਂ ਸ਼ਾਮਿਲ ਹੈ।ਇਸ ਤੋਂ ਇਲਾਵਾ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਕੁਸ਼ਲ ਚੌਧਰੀ, ਦਿੱਲੀ ਜੇਲ੍ਹ ਵਿੱਚ ਬੰਦ ਨੀਰਜ ਬਵਾਨੀਆ ਸਮੇਤ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਵੀ ਨਾਮਜ਼ਦ ਹਨ ਤੇ ਇਹਨਾਂ ਦੇ ਨਾਲ ਨਾਲ ਹੋਰ ਵੀ ਕਈਆਂ ਨੂੰ ਪੁਲਿਸ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ਵਿੱਚ ਮੁਲਜ਼ਮ ਬਣਾਇਆ ਗਿਆ ਹੈ।