‘ਦ ਖ਼ਾਲਸ ਬਿਊਰੋ :- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਉਨ੍ਹਾਂ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਹਾਲਤ ਸਥਿਰ ਹੈ ਅਤੇ ਡਾਕਟਰਾਂ ਵੱਲੋਂ ਸੱਟਾਂ ਦੀ ਗੰਭੀਰਤਾ ਦਾ ਪਤਾ ਲਾਉਣ ਲਈ ‘ਸੀਟੀ ਸਕੈਨ’ ਸਮੇਤ ਕਈ ਹੋਰ ਟੈਸਟ ਕਰਨ ਦੀ ਤਿਆਰੀ ਹੈ। ਬੈਨਰਜੀ ਨੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਨੰਦੀਗਰਾਮ ਵਿੱਚ ਕਥਿਤ ਹਮਲੇ ਤੋਂ ਬਾਅਦ ਛਾਤੀ ਵਿੱਚ ਦਰਦ ਅਤੇ ਸਾਹ ਦੀ ਤਕਲੀਫ ਦੀ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੂੰ ਸਰਕਾਰੀ ਐੱਸਐੱਸਕੇਐੱਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਮਮਤਾ ਬੈਨਰਜੀ ਦੇ ਖੱਬੇ ਗਿੱਟੇ ਅਤੇ ਪੈਰ ’ਤੇ ਗੰਭੀਰ ਸੱਟਾਂ ਹਨ ਅਤੇ ਉਨ੍ਹਾਂ ਦੇ ਸੱਜੇ ਮੋਢੇ, ਹੱਥ ਤੇ ਮੂੰਹ ’ਤੇ ਸੱਟਾਂ ਹਨ।
ਤ੍ਰਿਣਮੂਲ ਕਾਂਗਰਸ ਦੇ ਲੀਡਰ ਸ਼ੇਖ ਸੂਫੀਆਨ ਦੀ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਮਮਤਾ ਬੈਨਰਜੀ ’ਤੇ ਹੋਏ ਹਮਲੇ ਸੰਬਧੀ ਕੇਸ ਦਰਜ ਕਰ ਲਿਆ ਹੈ। ਨੰਦੀਗ੍ਰਾਮ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਸਵੇਰੇ ਨੰਦੀਗ੍ਰਾਮ ਦੀ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਮਮਤਾ ਬੈਨਰਜੀ ’ਤੇ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੇਦਿਨੀਪੁਰ ਦੇ ਸਾਬਕਾ ਜ਼ਿਲ੍ਹਾ ਮੈਜਿਸਟਰੇਟ ਵਿਭੂ ਗੋਇਲ, ਪੁਲਿਸ ਸੁਪਰਡੈਂਟ ਪ੍ਰਵੀਨ ਪ੍ਰਕਾਸ਼ ਅਤੇ ਹੋਰ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਲਈ ਬਿਰੂਲੀਆ ਬਾਜ਼ਾਰ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲ ਕੀਤੀ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਜੋ ਪਤਾ ਲੱਗ ਸਕੇ ਕਿ ਵਾਰਦਾਤ ਸਮੇਂ ਕੀ ਹੋਇਆ ਸੀ।
ਮਮਤਾ ਬੈਨਰਜੀ ਨੇ ਘਟਨਾ ਦੀ ਜਾਣਕਾਰੀ ਦਿੰਦਿਆ ਦੋਸ਼ ਲਾਇਆ ਕਿ ਨੰਦੀਗ੍ਰਾਮ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਧੱਕਾ ਮਾਰਿਆ ਅਤੇ ਇਸ ਕਾਰਨ ਉਹ ਜ਼ਖ਼ਮੀ ਹੋ ਗਏ। ਘਟਨਾ ਸ਼ਾਮ ਨੂੰ ਉਸ ਵੇਲੇ ਵਾਪਰੀ, ਜਦੋਂ ਮਮਤਾ ਬੈਨਰਜੀ ਨੰਦੀਗ੍ਰਾਮ ਵਿੱਚ ਇੱਕ ਮੰਦਰ ਦੇ ਬਾਹਰ ਸੀ। ਉਨ੍ਹਾਂ ਨੇ ਕਿਹਾ ਕਿ ‘ਮੈਂ ਆਪਣੀ ਕਾਰ ਦੇ ਬਾਹਰ ਦਰਵਾਜ਼ਾ ਖੋਲ੍ਹ ਕੇ ਖੜ੍ਹੀ ਸੀ ਅਤੇ ਮੰਦਰ ਵਿੱਚ ਪ੍ਰਾਰਥਨਾ ਲਈ ਜਾਣ ਲੱਗੀ ਸੀ। ਇਸੇ ਦੌਰਾਨ ਕੁੱਝ ਲੋਕ ਆਏ ਅਤੇ ਕਾਰ ਦਾ ਦਰਵਾਜ਼ਾ ਧੱਕ ਦਿੱਤਾ। ਇਸ ਨਾਲ ਮੇਰੀ ਲੱਤ ਉੱਤੇ ਸੱਟ ਲੱਗ ਗਈ।’
ਉਨ੍ਹਾਂ ਕਿਹਾ ਕਿ ‘ਜਦੋਂ ਘਟਨਾ ਵਾਪਰੀ, ਉਦੋਂ ਸਥਾਨਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ। ਨੰਦੀਗ੍ਰਾਮ ਤੋਂ ਟੀਐੱਮਸੀ ਦੀ ਉਮੀਦਵਾਰ ਮਮਤਾ ਨੇ ਇਸ ਨੂੰ ‘ਸਾਜ਼ਿਸ਼’ ਅਤੇ ‘ਹਮਲਾ’ ਕਰਾਰ ਦਿੱਤਾ ਹੈ। ਮਮਤਾ ਕੋਲ ਜ਼ੈੱਡ-ਪਲੱਸ ਸੁਰੱਖਿਆ ਹੈ ਅਤੇ ਉਹ ਪਿਛਲੇ ਦੋ ਦਿਨਾਂ ਤੋਂ ਇਸ ਇਲਾਕੇ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਪੱਛਮੀ ਬੰਗਾਲ ਕਾਂਗਰਸ ਨੇ ਮਮਤਾ ਬੈਨਰਜੀ ਦੇ ਕੁੱਝ ਲੋਕਾਂ ਵੱਲੋਂ ਕੀਤੇ ‘ਹਮਲੇ ’ ਵਿੱਚ ਜ਼ਖ਼ਮੀ ਹੋਣ ਨੂੰ ‘ਹਮਦਰਦੀ ਲਈ ਕੀਤਾ ਡਰਾਮਾ ਤੇ ਪਖੰਡ’ ਕਰਾਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਨੰਦੀਗ੍ਰਾਮ ਵਿੱਚ ‘ਸੇਕ ਲੱਗਣ ਦੇ ਅਹਿਸਾਸ’ ਮਗਰੋਂ ਮਮਤਾ ਮਹਿਜ਼ ‘ਡਰਾਮਾ’ ਕਰ ਰਹੀ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਮਮਤਾ ਬੈਨਰਜੀ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ’ਤੇ ਹੋਏ ‘ਹਮਲੇ’ ਬਾਰੇ ਸੂਬਾ ਪੁਲੀਸ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਤੁਰੰਤ ਰਿਪੋਰਟ ਦੇਣ ਲਈ ਕਿਹਾ ਹੈ। ਸੂਬਾ ਸਰਕਾਰ ਨੇ ਮਮਤਾ ਦੇ ਇਲਾਜ ਲਈ ਪੰਜ ਡਾਕਟਰਾਂ ਦੀ ਟੀਮ ਬਣਾਈ ਹੈ।