India International Punjab

ਗੂਗਲ ‘ਤੇ ਇੱਕ ਕਲਿੱਕ ਨਾਲ ਖਾਤੇ ‘ਚੋਂ ਉੱਡ ਗਏ 54 ਹਜ਼ਾਰ ਰੁਪਏ

‘ਦ ਖ਼ਾਲਸ ਬਿਊਰੋ :- ਗੂਗਲ ਤੋਂ ਬਿਨਾਂ ਪੁੱਛ ਪੜਤਾਲ ਕੀਤੇ ਕੰਪਨੀਆਂ ਦੇ ਨੰਬਰ ਤੇ ਹੋਰ ਚੀਜ਼ਾਂ ਲੱਭਣ ਵਾਲੇ ਹੁਣ ਸਾਵਧਾਨ ਹੋ ਜਾਣ। ਕਿਤੇ ਇਹ ਨਾ ਹੋਵੇ ਕਿ ਇਕ ਪਾਸੇ ਤੁਸੀਂ ਉਸ ਕੰਪਨੀ ਦੇ ਲਿੰਕ ‘ਤੇ ਕਲਿੱਕ ਕਰੋ ਤੇ ਦੂਜੇ ਪਾਸੇ ਤੁਹਾਡਾ ਖਾਤਾ ਜ਼ੀਰੋ ਹੋ ਜਾਵੇ।

ਲੁਧਿਆਣਾ ਜਿਲ੍ਹੇ ‘ਚ ਨਵਾਂ ਗੈਸ ਕੁਨੈਕਸ਼ਨ ਲੈਣ ਲਈ, ਲੁਧਿਆਣਾ ਦੇ ਇਕ ਫਾਈਨੈਂਸਰ ਨੇ ਗੂਗਲ ਤੋਂ ਗੈਸ ਏਜੰਸੀ ਦਾ ਨੰਬਰ ਕੀ ਕੱਢਿਆ, ਉਸਨੂੰ ਲੈਣੇ ਦੇ ਦੇਣੇ ਪੈ ਗਏ। ਆਨਲਾਇਨ ਕੱਢੇ ਨੰਬਰ ਨਾਲ ਉਨ੍ਹਾਂ ਦੇ ਐਗਜ਼ੀਕਿਊਟਿਵ ਨਾਲ ਗੱਲ ਕੀਤੀ ਤਾਂ ਉਸ ਵੱਲੋਂ ਆਨਲਾਈਨ ਭੁਗਤਾਨ ਕਰਨ ਲਈ ਭੇਜੇ ਲਿੰਕ ‘ਤੇ ਹਾਲੇ ਕਲਿੱਕ ਕੀਤਾ ਹੀ ਸੀ ਕਿ ਉਸ ਦੇ ਖਾਤੇ ਵਿਚੋਂ 54 ਹਜ਼ਾਰ ਰੁਪਏ ਤੋਤਿਆਂ ਵਾਂਗ ਉੜ ਗਏ।

ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸਾਈਬਰ ਅਪਰਾਧੀਆਂ ਨੇ ਇਹ ਸਾਰੀ ਕਰਤੂਤ ਕੀਤੀ ਹੈ। ਇਸ ਮਾਮਲੇ ਵਿਚ ਜੋਧੇਵਾਲ ਕਸਬੇ ਦੀ ਥਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਵੈਸਟ ਬੰਗਾਲ ਦੇ ਸ਼ਾਂਤੀਨਿਕੇਤਨ ਸਥਿਤ ਪਿੰਡ ਹਜੇਨਾ ਬਹਿਲਾਪੁਰ ਨਿਵਾਸੀ ਲਾਲਤੂ ਧੀਬਰ, ਹਬੀਬੁਰ ਰਹਿਮਾਨ ਸ਼ੇਖ ਅਤੇ ਸੁਮਨ ਚੱਕਰਵਰਤੀ ਵਜੋਂ ਹੋਈ ਹੈ।


ਇਸ ਸਾਰੇ ਮਾਮਲੇ ਦੇ ਨਜ਼ਰ ਫੇਰੀਏ ਤਾਂ ਅਮਨਦੀਪ ਨਾਂ ਦੇ ਇਸ ਠੱਗੇ ਗਏ ਸ਼ਖਸ਼ ਨੇ ਨਵਾਂ ਗੈਸ ਕੁਨੈਕਸ਼ਨ ਲੈਣਾ ਸੀ। ਉਸਨੇ ਗੂਗਲ ਤੋਂ ਰਾਹੋਂ ਰੋਡ ਸਥਿਤ ਇੱਕ ਗੈਸ ਏਜੰਸੀ ਦਾ ਮੋਬਾਈਲ ਨੰਬਰ ਲਿਆ ਤੇ ਇਸ ‘ਤੇ ਫੋਨ ਕੀਤਾ। ਕਾਲ ਕਰਨ ‘ਤੇ ਗੱਲਬਾਤ ਕਰਨ ਵਾਲੇ ਐਗਜ਼ੀਕਿਟਿਊਵ ਨੇ ਕਿਹਾ ਕਿ ਏਜੰਸੀ ਦੇ ਆਨਲਾਈਨ ਖਾਤੇ ਵਿੱਚ 700 ਰੁਪਏ ਜਮ੍ਹਾ ਕਰਨ ਤੋਂ ਬਾਅਦ ਸਿਲੰਡਰ ਉਸ ਦੇ ਘਰ ਪਹੁੰਚ ਜਾਵੇਗਾ, ਜਿਵੇਂ ਹੀ ਅਮਨਦੀਪ ਸਿੰਘ ਨੇ ਰੋਹਿਤ ਦੁਆਰਾ ਭੇਜੇ ਲਿੰਕ ‘ਤੇ ਕਲਿਕ ਕੀਤਾ, ਇਸ ਦੇ ਨਾਲ ਹੀ ਉਸ ਦੇ ਪੰਜਾਬ ਨੈਸ਼ਨਲ ਬੈਂਕ ਨਵਾਂ ਸ਼ਿਵਪੁਰੀ ਬ੍ਰਾਂਚ ਦੇ ਖਾਤੇ ਵਿਚੋਂ ਚਾਰ ਟ੍ਰਾਂਜੈਕਸ਼ਨ ਵਿਚ 50 ਹਜ਼ਾਰ ਰੁਪਏ ਨਿਕਲ ਗਏ। ਉਸਦੇ ਇਕ ਹੋਰ ਬੈਂਕ ਖਾਤੇ ਵਿੱਚੋਂ ਚਾਰ ਹਜ਼ਾਰ ਰੁਪਏ ਠੱਗੇ ਗਏ ਹਨ। ਉਸ ਨਾਲ ਧੋਖਾਧੜੀ ਤੋਂ ਬਾਅਦ ਅਮਨਦੀਪ ਨੇ ਆਪਣੇ ਦੋਵੇਂ ਬੈਂਕਾਂ ਨੂੰ ਸ਼ਿਕਾਇਤ ਕਰਕੇ ਆਪਣੇ ਖਾਤੇ ਦੀ ਅਦਾਇਗੀ ਨੂੰ ਹਾਲ ਦੀ ਘੜੀ ਰੋਕ ਦਿੱਤੀ ਹੈ।

ਆਪਣੀ ਹੀ ਤਰ੍ਹਾਂ ਦੀ ਇਸ ਆਨਲਾਇਨ ਠੱਗੀ ਨੇ ਸਾਇਬਰ ਕ੍ਰਾਇਮ ਦੀ ਕਲਾਕਾਰੀ ਖੋਲ੍ਹ ਕੇ ਰੱਖ ਦਿੱਤੀ ਹੈ। ਅਮਨਦੀਪ ਦੇ ਦੱਸੇ ਅਨੁਸਾਰ ਇਸ ਘਟਨਾ ਤੋਂ ਬਾਅਦ ਉਹ ਗੈਸ ਏਜੰਸੀ ਵੀ ਗਿਆ, ਜਿੱਥੇ ਕੰਮ ਕਰਦੇ ਵਿਅਕਤੀ ਨੇ ਗੈਸ ਏਜੰਸੀ ਦੀ ਸਾਈਟ ਖੋਲ੍ਹ ਕੇ ਦਿਖਾਈ ਤੇ ਇਹ ਸਾਰੀ ਠੱਗੀ ਏਜੰਸੀ ਦੇ ਧਿਆਨ ਵਿਚ ਵੀ ਲਿਆਂਦੀ। ਅਮਨਦੀਪ ਨੇ ਦੋਸ਼ ਲਾਇਆ ਹੈ ਕਿ ਗੈਸ ਏਜੰਸੀ ਦੀ ਸਾਈਟ ਨੂੰ ਅਗਲੇ ਹੀ ਦਿਨ ਗੂਗਲ ਤੋਂ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਪੁਲਿਸ ਕਮਿਸ਼ਨਰ ਨੂੰ ਮਿਲਿਆ ਅਤੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਹੁਣ ਇਹ ਸਾਰਾ ਮਾਮਲਾ ਜਾਂਚ ਦੀਆਂ ਫਾਇਲਾਂ ਵਿੱਚ ਘੁੰਮ ਰਿਹਾ ਹੈ।