Punjab

ਦਿੱਲੀ ‘ਚ ਧਰਨਾ ਦੇਣ ਗਏ ਚਾਰ ਵਿਧਾਇਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਪੰਜਾਬ ਦੇ 4 ਵਿਧਾਇਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੰਘੀ ਰਾਤ ਹੀ ਦਿੱਲੀ ਪੁੱਜੇ ਦੋ ਸੌ ਦੇ ਕਰੀਬ ਪਾਰਟੀ ਮੈਂਬਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਗ੍ਰਿਫਤਾਰ ਕੀਤੇ ਗਏ ਲੀਡਰਾਂ ਦੇ ਵਿੱਚ ਪਟਿਆਲਾ ਨਾਲ ਸਬੰਧਤ ਤੇਜਿੰਦਰਪਾਲ ਸਿੰਘ ਸੰਧੂ, ਸੰਗਰੂਰ ਤੋਂ ਅਮਨਵੀਰ ਸਿੰਘ ਚੈਰੀ, ਦਿੜ੍ਹਬਾ ਤੋਂ ਰਣਧੀਰ ਸਿੰਘ ਸਮੂਰਾਂ, ਸੁਖਦੇਵ ਚੱਕ, ਪਟਿਆਲਾ ਦੇ ਲੀਡਰ ਤੇਜਿੰਦਰਪਾਲ ਸਿੰਘ ਸੰਧੂ ਸਮੇਤ ਕਈ ਹੋਰਨਾਂ ਦੇ ਨਾਮ ਸ਼ਾਮਲ ਹਨ। ਜਗਮਦੇਵ ਕਮਾਲੂ,ਪਰਮਿੰਦਰ ਸਿੰਘ ਖਾਲਸਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਲੈ ਗਏ।

ਅੱਜ ਸਵੇਰੇ 4 ਵਿਧਾਇਕਾਂ ਦੇ ਨਾਲ 50 ਤੋਂ ਵੱਧ ਹਿਮਾਇਤੀ ਜਿਵੇਂ ਹੀ ਮਾਰਚ ਕਰਕੇ ਜੰਤਰ-ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਈ ਹੈ, ਇਸ ਲਈ ਇੰਨੇ ਲੋਕ ਇਕੱਠੇ ਨਹੀਂ ਹੋ ਸਕਦੇ ਹਨ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਰਾਜਧਾਨੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਕਈ ਮੈਟਰੋ ਸਟੇਸ਼ਨ ਬਾਅਦ ਦੁਪਹਿਰ ਦੋ ਵਜੇ ਤੱਕ ਬੰਦ ਕਰ ਦਿੱਤੇ ਗਏ ਹਨ।