Punjab

ਸ਼ਰਾਬ ਦਾ ਜ਼ਹਿਰ ਕਿੱਥੋਂ ਫੈਲਿਆ, ਵੱਡੇ ਪੁਲਿਸ ਅਫਸਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਇਹ ਅਫਸਰ ਕਰਨਗੇ ਜਾਂਚ

‘ਦ ਖ਼ਾਲਸ ਬਿਊਰੋ:- ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਦੋ SIT ਬਣਾਉਣ ਦਾ ਐਲਾਨ ਕੀਤਾ ਹੈ। ਇਹ SIT ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਦਾਇਰ FIR ਦੀ ਫਾਸਟ ਟਰੈਕ ਜਾਂਚ ਕਰਨਗੀਆਂ। ਇਹ ਦੋਵੇਂ SIT ਏਡੀਜੀਪੀ ਲਾਅ ਐਂਡ ਆਡਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਕੰਮ ਕਰਨਗੀਆਂ।

ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕੁਲ ਪੰਜ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਤਰਨਤਾਰਨ ਵਿੱਚ 3, ਅੰਮ੍ਰਿਤਸਰ ਦਿਹਾਤੀ ਅਤੇ ਬਟਾਲਾ ਵਿੱਚ ਇੱਕ-ਇੱਕ FIR ਦਰਜ ਕੀਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਐੱਸਪੀ ਰੈਂਕ ਦੇ ਅਫ਼ਸਰਾਂ ਨੂੰ ਜਾਂਚ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਦੋਸ਼ੀਆਂ ਨੂੰ ਸਮੇਂ ਨਾਲ ਸਜ਼ਾ ਮਿਲ ਸਕੇ।

ਮੁੱਛਲ ਪਿੰਡ ਵਿੱਚ ਸਿਆਸੀ ਆਗੂਆਂ ਅਤੇ ਪੁਲਿਸ ਦੀ ਬਹੁਤ ਹਰਕਤ ਰਹੀ ਹੈ। ਇਸ ਪਿੰਡ ਵਿੱਚ ਅੱਠ ਮੌਤਾਂ ਹੋਈਆਂ ਹਨ ਅਤੇ ਇਸ ਪਿੰਡ ਦੀ ਬਲਵਿੰਦਰ ਕੌਰ ਨੂੰ ਨਾਜਾਇਜ਼ ਸ਼ਰਾਬ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਵਿੰਦਰ ਕੌਰ ਦਾ ਪਤੀ ਜਸਵੰਤ ਸਿੰਘ ਵੀ ਇਸ ਜ਼ਹਿਰੀਲੀ ਸ਼ਰਾਬ ਨੂੰ ਪੀਣ ਨਾਲ ਮਰ ਗਿਆ ਹੈ।