- ਜਗਰਾਉਂ ਦੀ ਕਿਸਾਨ ਮਹਾਂ ਪੰਚਾਇਤ ਮਗਰੋਂ ਕਿਸਾਨ ਲੀਡਰ ਬਲਵੀਰ ਰਾਜੇਵਾਲ ਨੇ ਕਿਹਾ, ਪ੍ਰਧਾਨ ਮੰਤਰੀ ਖਰਾਬ ਕਰ ਰਹੇ ਹਨ ਕਿਸਾਨ ਅੰਦੋਲਨ ਦੀ ਪਵਿੱਤਰਤਾ
‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਮੈਂ ਕਿਸਾਨਾਂ ਨਾਲ ਗੱਲ ਕਰਨ ਲਈ ਇੱਕ ਫੋਨ ਕਾਲ ਦੀ ਦੂਰੀ ‘ਤੇ ਹਾਂ ਪਰ ਸਾਨੂੰ ਉਹ ਫੋਨ ਨੰਬਰ ਨਹੀਂ ਲੱਭਿਆ, ਜਿਸ ਨਾਲ ਅਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕੀਏ। ਜਗਰਾਉਂ ਦੀ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਨੇ ਮੀਟਿੰਗਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ। ਅਸੀਂ ਖੇਤੀ ਕਾਨੂੰਨਾਂ ਦੇ ਹਰੇਕ ਪੱਖ ‘ਤੇ ਹਰ ਮੀਟਿੰਗ ਵਿੱਚ ਸਰਕਾਰ ਦੇ ਮੰਤਰੀਆਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕਰ ਚੁੱਕੇ ਹਾਂ।
ਸਰਕਾਰ ਨੇ ਖੇਤੀ ਕਾਨੂੰਨਾਂ ‘ਚ ਜੋ ਸੋਧਾਂ ਕਰਨ ਦਾ ਪ੍ਰਸਤਾਵ ਰੱਖਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਇਹ ਕਾਨੂੰਨ ਗਲਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਿਸਾਨਾਂ ਨੂੰ ਅੰਦੋਲਨਜੀਵੀ, ਪਰੀਜੀਵੀ ਕਹਿ ਕੇ ਸੰਸਾਰ ਭਰ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੰਦੋਲਨ ਦੀ ਪਵਿੱਤਰਤਾ ਦੀ ਗੱਲ ਕਰਦੇ ਹਨ ਪਰ ਕਿਸਾਨ ਅੰਦੋਲਨਕਾਰੀਆਂ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਕੀ ਸਰਕਾਰ ਨੂੰ ਨਹੀਂ ਲੱਗਦਾ ਕਿ ਉਹ ਇਸ ਪਵਿੱਤਰਤਾ ਨੂੰ ਖਰਾਬ ਕਰ ਰਹੇ ਹਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਤਰੀਕ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਕਿਸਾਨ ਜਥੇਬੰਦੀਆਂ ‘ਚ ਪਾੜ ਪੈ ਗਈ ਹੈ ਅਤੇ ਇਹ ਅੰਦੋਲਨ ਮੱਠਾ ਪੈ ਰਿਹਾ ਹੈ ਪਰ ਅਜਿਹਾ ਕੁੱਝ ਵੀ ਨਹੀਂ ਹੈ। ਇਹ ਅੰਦੋਲਨ ਸਿਰੇ ਤੱਕ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ‘ਚ ਕਈ ਥਾਂਈਂ ਕਿਸਾਨ ਮਹਾਂ ਪੰਚਾਇਤਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੀ ਇਸ ਲੜਾਈ ਵਿੱਚ ਜਿੱਤ ਹਾਸਿਲ ਕੀਤੀ ਜਾ ਸਕੇ।