ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ (Charanjeet Singh Channi) ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਨੇ ਪਲਟਵਾਰ ਕਰਦਿਆਂ ਕਿਹਾ ਕਿ ਜਦੋਂ ਕਾਂਗਰਸ ਕੋਲ ਹੋਰ ਕੋਈ ਮੁੱਦਾ ਨਹੀਂ ਬਚਿਆ ਤਾਂ ਉਨ੍ਹਾਂ ਨੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਪ੍ਰਧਾਨ ਮੰਤਰੀ ਨੇ ਚੰਨੀ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਫੌਜ ‘ਤੇ ਹਮਲਾ ਸਟੰਟ ਸੀ। ਇਸ ਤੋਂ ਕਾਂਗਰਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਕਾਂਗਰਸ ਜਿੱਤ ਤੋਂ ਬਾਅਦ ਹਰ ਵਾਰ ਪਾਕਿਸਤਾਨ ਦੇ ਗੁਣਗਾਨ ਕਰਦੀ ਹੈ। ਇਸ ਤੋਂ ਕਾਂਗਰਸ ਦੇ ਦੇਸ਼ ਪ੍ਰਤੀ ਇਰਾਦੇ ਸਾਫ਼ ਨਜ਼ਰ ਆ ਰਹੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ। ਕੇਂਦਰ ਸਰਕਾਰ ਹਰ ਵਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ। ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ। ਇਸ ਤੋਂ ਬਾਅਦ ਚੰਨੀ ਨੇ ਆਪਣਾ ਸਪੱਸ਼ਟੀਕਰਨ ਦਿੰਦਿਆ ਕਿਹਾ ਸੀ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ – ਬਾਰਡਰ ’ਤੇ ਇਕ ਹੋਰ ‘ਸੰਘਰਸ਼ਸ਼ੀਲ ਅੰਨਦਾਤਾ’ ਦਾ ‘ਅੰਤ!’ ਹੁਣ ਤੱਕ 20 ਕਿਸਾਨ ਫ਼ੌਤ