‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਬਿਮਾਰੀਆਂ ਨਾਲ ਲੜਨ ਲਈ ਛੇ ਮੋਰਚਿਆਂ ਤੋਂ ਲੜਾਈ ਲ਼ੜੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰੇਕ ਭਾਰਤ ਵਾਸੀ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਲਈ ਮੁਲਕ ਦੇ ਹਰੇਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਭਾਰਤ ਆਯੂਸ਼ਮਾਨ ਯੋਜਨਾ ਤਹਿਤ ਸਾਢੇ ਤਿੰਨ ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਦੀਆਂ ਜੇਬਾਂ ਵਿੱਚ 40 ਹਜ਼ਾਰ ਕਰੋੜ ਰੁਪਏ ਬਚੇ ਹਨ। ਉਨ੍ਹਾਂ ਨੇ ਕਿਹਾ ਕਿ ਦਵਾਈ ਦੇ ਜਨ ਔਸ਼ਧੀ ਕੇਂਦਰਾਂ ਉੱਤੇ ਸਸਤੇ ਭਾਅ ਉੱਤੇ ਦਵਾਈ ਦੇਣ ਨਾਲ ਮੁਲਕ ਦੇ ਲੋਕਾਂ ਦੇ ਹਰ ਸਾਲ 1 ਹਜ਼ਾਰ ਕਰੋੜ ਰੁਪਏ ਬਚਣ ਲੱਗੇ ਹਨ। ਉਹ ਅੱਜ ਨਿਊ ਚੰਡੀਗੜ੍ਹ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੂੰਝੇ ਲਾਈ ਰੱਖਿਆ। ਮੁੱਖ ਮੰਤਰੀ ਮਾਨ ਵੱਲੋਂ ਮੋਦੀ ਤੋਂ ਪੰਜਾਬ ਲਈ ਮੰਗੀ ਵਿੱਤੀ ਮਦਦ ਬਾਰੇ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇੱਕ ਲਫ਼ਜ਼ ਵੀ ਨਾ ਬੋਲਿਆ। ਉਂਝ, ਭਗਵੰਤ ਮਾਨ ਪੂਰੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਨਾਲ ਵਿਚਰੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਮੋਰਚਿਆਂ ਤੋਂ ਤੰਦਰੁਸਤ ਭਾਰਤ ਲਈ ਛੇੜੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮੋਰਚਿਆਂ ਰਾਹੀਂ ਪਿੰਡ ਪਿੰਡ ਵਿੱਚ ਸਿਹਤ ਸਹੂਲਤ ਪਹੁੰਚਾਉਣ, ਡਾਕਟਰਾਂ ਦੀ ਘਾਟ ਪੂਰੀ ਕਰਨ, ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ, ਮੈਡੀਕਲ ਕਾਲਜ ਅਤੇ ਖੋਜ ਸੈਂਟਰ ਖੋਲ੍ਹਣ ਸਮੇਤ ਤਕਨਾਲੋਜੀ ਵੱਲ ਪਹਿਲ ਦੇ ਆਧਾਰ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ। ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਟਾਟਾ ਮੈਮੋਰੀਅਲ ਕੈਂਸਰ ਸੈਂਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਲਕ ਭਰ ਵਿੱਚ ਡੇਢ ਲੱਖ ਮਰੀਜ਼ਾਂ ਦਾ ਇਲਾਜ ਕਰਨ ਦੇ ਸਮਰੱਥ ਹੈ। ਉਨ੍ਹਾਂ ਨੇ ਭਾਰਤ ਵਾਸੀਆਂ ਦੇ ਨਾਂ ਸਮਰਪਿਤ ਕੀਤੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚਾਰਦੀਵਾਰੀਆਂ ਜਾਂ ਬਿਲਡਿੰਗਾਂ ਨਾਲ ਇਲਾਜ ਨਹੀਂ ਹੁੰਦਾ ਸਗੋਂ ਇਹਦੇ ਲਈ ਸਿਹਤ ਸਹੂਲਤਾਂ ਵਿਕਸਤ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਨੇ ਕਾਂਗਰਸ ਸਰਕਾਰ ਦਾ ਨਾਂ ਲਏ ਬਗੈਰ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਦੇ ਖੇਤਰ ਵਿੱਚ ਜਿੰਨਾ ਕੰਮ 70 ਸਾਲਾਂ ਵਿੱਚ ਨਹੀਂ ਕੀਤਾ, ਭਾਜਪਾ ਸਰਕਾਰ ਨੇ ਅੱਠ ਸਾਲਾਂ ਵਿੱਚ ਕਰ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਜਪਾ ਨੇ ਸੈਂਟਰ ਵਿੱਚ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਭਾਰਤ ਭਰ ਵਿੱਚ ਕੇਵਲ ਸੱਤ ਏਮਜ਼ ਸਨ ਜਦਕਿ ਹੁਣ ਉਨ੍ਹਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਉਨ੍ਹਾਂ ਨੇ ਬਠਿੰਡਾ ਦੇ ਏਮਜ਼ ਦਾ ਵਿਸ਼ੇਸ਼ ਤੌਰ ਉੱਤੇ ਹਵਾਲਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਵਧੇਰੇ ਸਮਾਂ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਦਿਆਂ ਕਿਹਾ ਕਿ 2014 ਤੱਕ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਕੇਵਲ 400 ਸੀ ਜਦਕਿ ਹੁਣ ਅੱਠ ਸਾਲਾਂ ਵਿੱਚ 200 ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਸਰਕਾਰ ਵੱਲੋਂ ਭਾਰਤ ਆਯੂਸ਼ਮਾਨ ਯੋਜਨਾ ਤਹਿਤ ਸਾਢੇ 3 ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਜਿਸ ਉੱਤੇ 40 ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਵੱਡੇ ਹਸਪਤਾਲਾਂ ਵੱਲੋਂ ਸ਼ੁਰੂ ਕੀਤੀ ਟੈਲੀ ਮੈਡੀਸਨ ਅਤੇ ਪਹਿਲੀ ਕੰਸਲਟੈਂਸੀ ਦੀ ਸਹੂਲਤ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਪੱਛੜੇ ਤੋਂ ਪੱਛੜੇ ਖੇਤਰ ਦੇ ਲੋਕਾਂ ਨੂੰ ਉੱਚ ਪੱਧਰ ਤੱਕ ਦੀ ਵੀ ਸਹੂਲਤ ਮਿਲਣ ਲੱਗੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਦਾ ਅੰਤ ਬੜੇ ਭਾਵੁਕ ਸ਼ਬਦਾਂ ਵਿੱਚ ਕਰਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਪੀੜ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੇ ਦੁੱਖਾਂ ਦਾ ਦਰਦ ਸਮਝਦੇ ਹਨ। ਉਨ੍ਹਾਂ ਨੇ ਮਰੀਜ਼ਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕੈਂਸਰ ਤੋਂ ਡਰਨ ਦੀ ਨਹੀਂ, ਲੜਨ ਦੀ ਲੋੜ ਹੈ। ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਮੈਂਟਲ ਹੈਲਥ ਵੱਲ ਵਿਸ਼ੇਸ਼ ਤਵੱਜੋਂ ਦੇਣ ਦੀ ਨਸੀਹਤ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਫੀਤਾ ਕੱਟ ਕੇ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਪੂਰੇ ਹਸਪਤਾਲ ਦਾ ਗੇੜਾ ਲਾ ਕੇ ਉੱਥੋਂ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਲਈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਸੂਬੇ ਨੂੰ ਤੋਹਫਾ ਦੇਣ ਲਈ ਸਵਾਗਤ ਕੀਤਾ। ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਕ੍ਰਾਂਤੀਕਾਰੀ ਨੇਤਾ ਦੱਸਿਆ। ਉਨ੍ਹਾਂ ਨੇ ਪੰਜਾਬ ਵਿਸ਼ੇਸ਼ ਕਰਕੇ ਮਾਲਵੇ ਵਿੱਚ ਕੈਂਸਰ ਦੇ ਕਹਿਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੀ ਕ੍ਰਾਂਤੀ ਨਾਲ ਪੰਜਾਬ ਦੇ ਕਿਸਾਨ ਨੇ ਮੁਲਕ ਦਾ ਢਿੱਡ ਤਾਂ ਭਰਿਆ ਪਰ ਇਹ ਲਾਇਲਾਜ ਬਿਮਾਰੀ ਦੀ ਵਜ੍ਹਾ ਬਣੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਿਲੀਫ ਫੰਡ ਵਿੱਚੋਂ 69000 ਮਰੀਜ਼ਾਂ ਨੂੰ 888 ਕਰੋੜ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਗੁਆਂਢੀ ਦੇਸ਼ ਪਾਕਿਸਤਾਨ ਦਾ ਨਾਂ ਲਏ ਬਿਨਾਂ ਹਰ ਰੋਜ਼ ਡ੍ਰੋਨ ਭੇਜਣ ਸਮੇਤ ਹੋਰ ਕਈ ਤਰ੍ਹਾਂ ਦੀ ਕੀਤੇ ਜਾ ਰਹੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੇ ਵਿੱਤੀ ਸਹਾਇਤਾ ਕਰਨ ਲੱਗਿਆਂ ਹੱਥ ਪਿੱਛੇ ਨਹੀਂ ਖਿੱਚਿਆ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦਾ ਦਿਲ ਵੱਡਾ ਹੈ। ਉਂਝ, ਉਹ ਆਪਣੇ ਭਾਸ਼ਣ ਵਿੱਚ ਕਾਂਗਰਸ ਉੱਤੇ ਸਿੱਧੇ ਤੌਰ ਉੱਤੇ ਇਹ ਕਹਿ ਕੇ ਹਮਲਾ ਕਰ ਗਏ ਕਿ ਪੰਜ ਜਨਵਰੀ ਨੂੰ ਜਿਸ ਪੰਜਾਬ ਵਿੱਚੋਂ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ ਸੀ, ਅੱਜ ਉਹੀ ਪੰਜਾਬ ਉਨ੍ਹਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਮੰਤਰੀ ਡਾ.ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਅੱਜ ਸਮਾਗਮ ਦੌਰਾਨ ਸਟੇਜ ਉੱਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਮੇਤ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਵੀ ਹਾਜ਼ਰ ਸਨ।
ਹੋਮੀ ਭਾਭਾ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ 2013 ਵਿੱਚ ਰੱਖਿਆ ਸੀ। ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਹਸਪਤਾਲ ਲਈ 60 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਸੀ ਜਦਕਿ ਇਹ ਹਸਪਤਾਲ 664 ਕਰੋੜ ਦੀ ਲਾਗਤ ਨਾਲ 91 ਏਕੜ ਵਿੱਚ ਉਸਾਰਿਆ ਗਿਆ ਹੈ। ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਲਈ 300 ਬੈੱਡ ਹਨ।