‘ਦ ਖਾਲਸ ਬਿਊਰੋ:- ਲੇਹ-ਲੱਦਾਖ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਗਲਵਾਨਘਾਟੀ ਵਿੱਚ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਆਪਣੀ ਡਿਊਟੀ ਨਿਭਾ ਰਹੇ ਨੌਜਵਾਨਾਂ ਦਾ ਹੌਸਲਾਂ ਵਧਾਉਦਿਆਂ ਕਿਹਾ ਕਿ, ਜਿਹੜੀ ਜਗ੍ਹਾਂ ‘ਤੇ ਖੜ੍ਹ ਕੇ ਤੁਸੀਂ ਦੇਸ਼ ਦੀ ਰੱਖਿਆ ਕਰਦੇ ਹੋ ਉਸ ਦਾ ਮੁਕਾਬਲਾ ਪੂਰੇ ਵਿਸ਼ਵ ‘ਚ ਹੋਰ ਕੋਈ ਨਹੀਂ ਕਰ ਸਕਦਾ।

ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਿਹਾ ਕਿ ਅੱਜ ਮੈਂ ਤੁਹਾਡੇ ਵਿੱਚ ਸ਼ਾਮਿਲ ਹੋ ਕੇ ਮਹਿਸੂਸ ਕਰ ਰਿਹਾ ਹਾਂ ਕਿ ਤੁਹਾਡੀ ਦ੍ਰਿੜਤਾ ਚਟਾਨਾਂ ਤੋਂ ਵੀ ਮਜਬੂਤ ਹੈ। ਉਹਨਾਂ ਭਾਰਤੀ ਫੌਜੀ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਦੀ ਰੱਖਿਆ ਤੁਹਾਡੇ ਹੱਥਾਂ ਵਿੱਚ ਹੈ, ਜਿਸ ਕਰਕੇ ਪੂਰਾ ਦੇਸ਼ ਬੇਫਿਕਰ ਹੈ। ਜਿਸ ਕਰਕੇ ਮੈਂਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਵਿਸ਼ਵਾਸ਼ ਵੀ ਹੈ ਅਤੇ ਮਾਣ ਵੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀ ਤੁਹਾਡੇ ਸਾਥੀਆਂ ਨੇ ਵੀਰਤਾ ਦਿਖਾਈ ਹੈ ਉਸ ਤੁਹਾਡੀ ਤਾਕਤ ਦਾ ਪੂਰੀ ਦੁਨੀਆਂ ਵਿੱਚ ਇੱਕ ਸੰਦੇਸ਼ ਦਿੱਤਾ ਹੈ। ਉਹਨਾਂ  ਭਾਰਤੀ ਫੌਜੀ ਨੌਜਵਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਬਹੁਤ ਹੀ ਜਲਦ ਆਧੁਨਿਕ ਤਕਨੀਕੀ ਹਥਿਆਰ ਲਿਆ ਰਹੇ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਇਨਸਾਨੀਅਤ ਅਤੇ ਇਮਾਨਦਾਰੀ ਦੀ ਸੁਰੱਖਿਆ ਲਈ ਹੀ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ITBP ਹੋਵੇ, ਚਾਹੇ BSF, ਜਾਂ ਫੇਰ ਇੰਡੀਅਨ ਆਰਮੀ ਤੁਸੀਂ ਸਾਰੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਅਦਭੂਤ ਕੰਮ ਕਰ ਰਹੇ ਹੋ, ਤੁਹਾਡੀ ਮਿਹਨਤ ਨਾਲ ਹੀ ਦੇਸ਼ ਪੂਰੀ ਦ੍ਰਿੜਤਾ ਨਾਲ ਲੜ ਰਿਹਾ ਹੈ। ਆਖਿਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਔਖੀ ਤੋਂ ਔਖੀ ਘੜੀ ਵਿੱਚ ਜਿੱਤ ਪ੍ਰਾਪਤ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।