‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰ-ਪੰਜ ਘੰਟਿਆਂ ਦੇ ਕਰੀਬ ਸਮਾਂ ਲੇਹ ਲੱਦਾਖ ਵਿਖੇ ਭਾਰਤੀ ਫੌਜੀ ਨੌਜਵਾਨਾਂ ਨਾਲ ਬਤੀਤ ਕੀਤਾ। ਫੌਜੀ ਨੌਜਵਾਨਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਉਹਨਾਂ ਜਵਾਨਾਂ ਨੂੰ ਵੀ ਮਿਲੇ ਜਿਹੜੇ ਗਲਵਾਨਘਾਟੀ ਵਿੱਚ ਹੋਈ ਚੀਨੀਆਂ ਨਾਲ ਝੜਪ ਦੌਰਾਨ ਜਖਮੀ ਹੋਏ ਸਨ। ਪ੍ਰਧਾਨ ਮੰਤਰੀ ਲੇਹ ਹਸਪਤਾਲ ‘ਚ ਗਏ ਜਿੱਥੇ ਜਖਮੀ ਹੋਏ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਖਮੀ ਹੋਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਹਾਲ ਚਾਲ ਪੁੱਛਦਿਆਂ ਕਿਹਾ ਕਿ ਤੁਸੀਂ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਣਾ ਸਰੋਤ ਹੋ। ਸਾਰੀ ਦੁਨੀਆ ਤੁਹਾਡੀ ਤਾਕਤ ਨੂੰ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਨਾ ਕਦੇ ਝੁੱਕਿਆ ਹੈ ਅਤੇ ਨਾ ਹੀ ਕਦੇ ਕਿਸੇ ਅੱਗੇ ਝੁੱਕੇਗਾ।
ਸ਼ਹੀਦ ਹੋਏ ਨੌਜਵਾਨਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ “ਬਹਾਦਰ ਸਿਪਾਹੀ ਜਿਨ੍ਹਾਂ ਨੇ ਸਾਨੂੰ ਛੱਡ ਦਿੱਤਾ, ਉਹ ਬਿਨਾਂ ਵਜ੍ਹਾ ਨਹੀਂ ਗਏ, ਤੁਸੀਂ ਢੁਕਵਾਂ ਜਵਾਬ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਬਹਾਦਰੀ ਪ੍ਰੇਰਣਾ ਸਰੋਤ ਹੋਵੇਗੀ। ਭਾਰਤੀ ਨੌਜਵਾਨਾਂ ਦੀ ਹੌਸਲਾ ਵਜਾਈ ਕਰਨ ਪਹੁੰਚੇ ਪ੍ਰਧਾਨ ਮੰਤਰੀ ਨੇ ਕਿਹਾ ‘ਮੈਂ ਤੁਹਾਨੂੰ ਦੇਖ ਕੇ ਅਤੇ ਤੁਹਾਡੇ ਤੋਂ ਪ੍ਰੇਰਣਾ ਲੈ ਰਿਹਾ ਹਾਂ ਅਤੇ ”ਸਾਰੇ ਦੇਸ਼ ਵਾਸੀਆਂ ਨੂੰ ਤੁਹਾਡੀ ਬਹਾਦਰੀ ‘ਤੇ ਪੂਰਾ ਮਾਣ ਹੈ।“