India

ਆਜ਼ਾਦੀ ਦਿਹਾੜੇ ‘ਤੇ ਭਾਵੁਕ ਹੋਏ PM ਮੋਦੀ,ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ‘ਤੇ ਕੀਤਾ ਵਾਰ, 75ਸਾਲ ਬਾਅਦ ਲਾਲ ਕਿਲੇ ‘ਤੇ ਪਹਿਲੀ ਵਾਰ ਨਜ਼ਰ ਆਇਆ ਇਹ ਨਜ਼ਾਰਾ

9ਵੀਂ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਭਾਸ਼ਣ ਦਿੱਤਾ

ਦ ਖ਼ਾਲਸ ਬਿਊਰੋ : ਅੱਜ ਭਾਰਤ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 9ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ 21 ਤੌਪਾਂ ਦੀ ਸਲਾਮੀ ਵੀ ਦਿੱਤੀ ਗਈ । ਖਾਸ ਗੱਲ ਇਹ ਰਹੀ ਕਿ 75 ਸਾਲ ਬਾਅਦ ਪਹਿਲੀ ਵਾਰ ਮੇਡ ਇਨ ਇੰਡੀਆ ਤੋਪ ਨਾਲ ਸਲਾਮੀ ਦਿੱਤੀ ਗਈ। ਲਾਲ ਕਿਲੇ ਤੋਂ ਉਨ੍ਹਾਂ ਨੇ ਦੇਸ਼ ਦੇ ਸਾਹਮਣੇ 5 ਸੰਕਲਪ ਰੱਖੇ, 83 ਮਿੰਟ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਹਿਲਾਵਾਂ ਦੇ ਸਨਮਾਨ ਨੂੰ ਲੈ ਕੇ ਭਾਵੁਕ ਵੀ ਹੋ ਗਏ।

ਉਨ੍ਹਾਂ ਕਿਹਾ ‘ਮੈਂ ਇਹ ਦਰਦ ਦੱਸਣਾ ਚਾਹੁੰਦਾ ਹਾਂ ਇਹ ਸ਼ਾਇਦ ਲਾਲ ਕਿਲੇ ਦਾ ਵਿਸ਼ਾ ਨਹੀਂ ਹੋ ਸਕਦਾ ਹੈ ਪਰ ਮੈਂ ਆਪਣੇ ਅੰਦਰ ਦਾ ਦਰਦ ਕਿੱਥੇ ਦੱਸਾਂ,ਕਿਸੇ ਨਾ ਕਿਸੇ ਕਾਰਨ ਸਾਡੇ ਅੰਦਰ ਸਾਡੀ ਬੋਲ ਚਾਲ, ਸਾਡੇ ਸ਼ਬਦਾਂ ਵਿੱਚ ਅਸੀਂ ਮਹਿਲਾਵਾਂ ਦਾ ਅਪਮਾਨ ਕਰਦੇ ਹਾਂ। ਕੀ ਸਾਡੇ ਸੁਭਾਅ ਵਿੱਚ, ਸੰਸਕਾਰ ਅਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮਹਿਲਾਵਾਂ ਦਾ ਅਪਮਾਨ ਕਰਨ ਵਾਲੀ ਇਸ ਆਦਤ ਤੋਂ ਮੁਕਤੀ ਲੈ ਸਕਦੇ ਹਾਂ। ਮਹਿਲਾਵਾਂ ਦਾ ਸਨਮਾਨ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੱਡਾ ਖ਼ਜ਼ਾਨਾ ਹੈ ।

ਇਹ ਮੈਂ ਵਰਤਮਾਨ ਵਿੱਚ ਵੇਖ ਰਿਹਾ ਹਾਂ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ 5 ਅਹਿਦ ਲੈਣੇ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ‘ਤੇ ਵੀ ਸਖ਼ਤ ਟਿਪਣੀ ਕੀਤੀ,ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਖ-ਵੱਖ ਸੂਬਿਆਂ ਦੇ ਬੱਚਿਆਂ ਨੂੰ ਮਿਲੇ ਇਸ ਦੌਰਾਨ ਪੰਜਾਬ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਭੰਗੜੇ ਦੀ ਪੇਸ਼ਕਾਰੀ ਕਰਨ ਲਈ ਕਿਹਾ ਤਾਂ ਬੱਚਿਆਂ ਨੇ ਵੀ ਢੋਲ ਦੀ ਥਾਪ ‘ਤੇ ਭੰਗੜਾ ਕੀਤਾ।

ਆਜ਼ਾਦੀ ਦਿਹਾੜੇ ‘ਤੇ 5 ਅਹਿਦ

  1. ਸਾਨੂੰ ਵੱਡੇ ਸੰਕਲਪ ਲੈ ਕੇ ਚੱਲਣਾ ਹੋਵੇਗਾ,ਵੱਡਾ ਸੰਕਲਪ ਦੇਸ਼ ਨੂੰ ਵਿਕਸਤ ਬਣਾਏਗਾ।
  2. ਜੇਕਰ ਸਾਡੇ ਮਨ ਵਿੱਚ ਹੁਣ ਵੀ ਗੁਲਾਮੀ ਦਾ ਅਹਿਸਾਸ ਹੈ ਤਾਂ ਇਸ ਨੂੰ ਰਹਿਣ ਨਹੀਂ ਦੇਣਾ,ਹੁਣ ਸਾਨੂੰ 100 ਫੀਸਦੀ ਗੁਲਾਮੀ ਤੋਂ ਆਜ਼ਾਦੀ ਪਾਉਣੀ ਹੋਵੇਗੀ।
  3. ਸਾਨੂੰ ਸਾਡੀ ਵਿਰਾਸਤ ‘ਤੇ ਮਾਣ ਹੋਣਾ ਚਾਹੀਦਾ ਹੈ, ਇਸੇ ਵਿਰਾਸਤ ਨੇ ਸਾਨੂੰ ਵੱਡਾ ਬਣਾਇਆ ਹੈ।
  4. ਪੀਐੱਮ ਮੋਦੀ ਨੇ ਕਿਹਾ ਏਕਤਾ ਅਤੇ ਇੱਕਜੁੱਟਤਾ ਬਹੁਤ ਜ਼ਰੂਰੀ ਹੈ, 130 ਕਰੋੜ ਦੇ ਦੇਸ਼ ਵਿੱਚ ਏਕਤਾ ਹੈ, ਨਾ ਕੋਈ ਆਪਣਾ ਨਾ ਕੋਈ ਪਰਾਇਆ,ਏਕਤਾ ਦੀ ਤਾਕਤ ਭਾਰਤ ਨੂੰ ਵੱਡਾ ਬਣਾਏਗੀ ।
  5. ਨਾਗਰਿਕਾਂ ਦੀਆਂ ਕੁਝ ਜ਼ਿੰਮੇਵਾਰੀ ਹਨ ਜਿਸ ਤੋਂ ਪੀਐੱਮ ਅਤੇ ਸੀਐੱਮ ਵੀ ਬਾਹਰ ਨਹੀਂ ਹਨ। ਉਹ ਵੀ ਨਾਗਰਿਕ ਹਨ। ਆਉਣ ਵਾਲੇ 25 ਸਾਲ ਦੇ ਸੁਪਨੇ ਪੂਰਾ ਕਰਨ ਦੇ ਲਈ ਸੰਕਲਪ ਲੈਣੇ ਹੋਣਗੇ ਤਾਂ ਹੀ ਵੱਡੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇਗਾ।

PM ਮੋਦੀ ਦੇ ਭਾਸ਼ਣ ਦੀਆਂ 10 ਵੱਡੀਆਂ ਗੱਲਾਂ

  1. ਭ੍ਰਿ ਸ਼ਟਾਚਾਰ ਤੇ ਪਰਿਵਾਰਵਾਦ ਖਿਲਾਫ ਜੰਗ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਭ੍ਰਿ ਸ਼ਟਾਚਾਰ ਅਤੇ ਪਰਿਵਾਰਵਾਦ ਦੇਸ਼ ਦੇ ਸਾਹਮਣੇ 2 ਵੱਡੀਆਂ ਚੁਣੌਤੀਆਂ ਨੇ ਜੋ ਦੇਸ਼ ਨੂੰ ਘੁੱਣ ਵਾਂਗ ਖੋਖਲਾ ਕਰ ਰਿਹਾ ਹੈ । ਕਾਬਲੀਅਤ ਦੇ ਹਿਸਾਬ ਨਾਲ ਦੇਸ਼ ਨੂੰ ਅੱਗੇ ਲਿਆਉਣ ਦੇ ਲਈ ਪਰਿਵਾਰਵਾਦ ਦੇ ਖਿਲਾਫ਼ ਜਾਗਰੂਕਤਾ ਜ਼ਰੂਰੀ ਹੈ। ਸਾਨੂੰ ਇਸ ਦੇ ਨਾਲ ਮਿਲਕੇ ਲੜਨਾ ਹੈ। ਪੀਐੱਮ ਨੇ ਕਿਹਾ ਜਿਨਾਂ ਨੇ ਦੇਸ਼ ਨੂੰ ਲੁੱ ਟਿਆ ਹੈ, ਬੈਂਕ ਨੂੰ ਲੁ ਟਿਆਂ ਹੈ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ ।
  2. ਪ੍ਰਧਾਨ ਮੰਤਰੀ ਨੇ ਕਿਹਾ ਸਾਡੀ ਕਾਬਲੀਅਤ ਭਾਸ਼ਾਵਾਂ ਦੇ ਬੰਦਨ ਵਿੱਚ ਕੈਦ ਹੋ ਜਾਂਦੀ ਹੈ, ਇਹ ਗੁਲਾਮੀ ਦੀ ਮਾਨਸਿਕਤਾ ਹੈ। ਸਾਨੂੰ ਦੇਸ਼ ਦੀ ਹਰ ਭਾਸ਼ਾ ‘ਤੇ ਮਾਣ ਹੈ ।
  1. ਪੀਐੱਮ ਮੋਦੀ ਨੇ ਕਿਹਾ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਇਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਨੇ ਜੈ ਵਿਗਿਆਨ ਨਾਲ ਜੋੜਿਆ ਹੁਣ ਜੈ ਅਨੁਸੰਧਾਨ ਜੋੜਨ ਦਾ ਸਮਾਂ ਆ ਗਿਆ ਹੈ, ਜੈ ਜਵਾਨ,ਜੈ ਕਿਸਾਨ,ਜੈ ਵਿਗਿਆਨ ਅਤੇ ਜੈ ਅਨੁਸੰਧਾਨ ।
  2. ਪੀਐੱਮ ਮੋਦੀ ਨੇ ਕਿਹਾ ਕਿ ਸੰਯੁਕਤ ਪਰਿਵਾਰ ਬਹੁਤ ਜ਼ਰੂਰੀ ਹੈ। ਜਦੋਂ ਵੀ ਤਣਾਅ ਦੀ ਗੱਲ ਹੁੰਦੀ ਹੈ ਤਾਂ ਪਰਿਵਾਰ ਅੱਗੇ ਆਉਂਦਾ ਹੈ,ਇਹ ਸਾਡੀ ਵਿਰਾਸਤ ਹੈ ਇਸ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ।
  3. ਪੀਐੱਮ ਮੋਦੀ ਨੇ ਕਿਹਾ ਲੋਕਤੰਤਰ ਭਾਰਤ ਤੋਂ ਪੈਦਾ ਹੁੰਦਾ ਹੈ,ਅਸੀਂ ਮਦਰ ਆਫ ਡੈਮੋਕ੍ਰੈਸੀ ਹਾਂ,ਉਨ੍ਹਾਂ ਕਿਹਾ ਕਿ ਸਾਡੇ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੇ ਕੋਲ ਅਨਮੋਲ ਚੀਜ਼ ਹੈ। 75 ਸਾਲ ਦੀ ਯਾਤਰਾ ਦੌਰਾਨ ਕਈ ਵਾਰ ਉਤਾਹ ਚੜਾਅ ਹੋਏ ਪਰ ਅਸੀਂ ਅੱਗੇ ਵਧਦੇ ਰਹੇ। ਆਜ਼ਾਦੀ ਤੋਂ ਬਾਅਦ ਜਨਮ ਲੈਣ ਵਾਲਾ ਮੈਂ ਪਹਿਲਾਂ ਵਿਅਕਤੀ ਹਾਂ ਜਿਸ ਨੇ ਲਾਲ ਕਿਲੇ ‘ਤੇ ਝੰਡਾ ਲਹਿਰਾਇਆ ਹੈ।
  4. ਸਾਨੂੰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਨੂੰ ਭੁਲਾ ਦਿੱਤਾ ਗਿਆ, ਜਦੋਂ ਅਸੀਂ ਅਜ਼ਾਦੀ ਦੀ ਚਰਚਾ ਕਰਦੇ ਹਾਂ ਤਾਂ ਜੰਗਲਾ ਵਿੱਚ ਰਹਿਣ ਵਾਲੇ ਆਦਿਵਾਸੀ ਸਮਾਜ ਦਾ ਗੌਰਵ ਨਹੀਂ ਭੁਲਣਾ ਚਾਹੀਦਾ ਹੈ, ਬਿਸਰਾ ਮੁੰਡਾ ਵਰਗੇ ਅਜਿਹੇ ਕਈ ਨਾਂ ਨੇ ਜਿਸ ਨੇ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਬੁਲੰਦ ਕੀਤੀ ।
  5. ਪ੍ਰਧਾਨ ਮੰਤਰੀ ਨੇ ਕਿਹਾ 75 ਸਾਲ ਦੌਰਾਨ ਸਭ ਨੇ ਦਰਦ ਦੇ ਨਾਲ ਖੁਸ਼ੀ ਵੀ ਮਾਣੀ , 14 ਅਗਸਤ ਨੂੰ ਬਟਵਾਰੇ ਦਾ ਦਰਦ ਸਭ ਨੇ ਮਿਲਕੇ ਵੰਡਿਆ,ਆਜ਼ਾਦੀ ਦੇ ਅਮ੍ਰਿਤ ਮਹੋਤਸਵ ਵਿੱਚ ਅਸੀਂ ਫੌਜ,ਪੁਲਿਸ ਮੁਲਾਜ਼ਮ,ਨੌਕਰਸ਼ਾਹ, ਉਨ੍ਹਾਂ ਨੇਤਾਵਾਂ ਨੂੰ ਯਾਦ ਕਰਨ ਦਾ ਸਮਾਂ ਹੈ ਜਿੰਨਾਂ ਨੇ ਦੇਸ਼ ਨੂੰ ਅੱਗੇ ਵਧਾਇਆ ਹੈ ।
  6. ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਡਰਾਇਆ ਗਿਆ ਪਰ ਫਿਰ ਵੀ ਅਸੀਂ ਅੱਗੇ ਵਧੇ। ਪਿਛਲੇ 75 ਸਾਲਾਂ ਵਿੱਚ ਦੁੱਖ ਸੁੱਖ ਆਏ ਪਰ ਅਸੀਂ ਅੱਗੇ ਵੱਧਦੇ ਰਹੇ ਅਤੇ ਕਿਉਂਕਿ ਸਾਡੇ ਅੰਦਰ ਇੱਕ ਜ਼ਿਦ ਸੀ ਜਨੂੰਨ ਸੀ,ਆਜ਼ਾਦੀ ਮਿਲ ਰਹੀ ਸੀ।ਦੇਸ਼ ਦੇ ਲੋਕਾਂ ਨੂੰ ਡਰਾਇਆ ਗਿਆ,ਦੇਸ਼ ਨੂੰ ਟੁੱਟਣ ਦਾ ਡਰ ਵਿਖਾਇਆ ਗਿਆ ਪਰ ਇਹ ਹਿੰਦੂਸਤਾਨ ਹੈ ਜੋ ਹਮੇਸ਼ਾ ਜਿੱਤਦਾ ਰਿਹਾ, ਅਨਾਜ ਦਾ ਸੰਕਟ ਝਲਿਆ,ਜੰਗ ਦਾ ਸ਼ਿਕਾਰ ਹੋਏ, ਦਹਿਸ਼ਤਗਰਦੀ ਖਿਲਾਫ ਮਜ਼ਬੂਤੀ ਨਾਲ ਲੜੇ
  7. ਪੀਐੱਮ ਮੋਦੀ ਨੇ ਕਿਹਾ ਕਿ ਬੱਚੇ ਕਹਿ ਰਹੇ ਨੇ ਕਿ ਹੁਣ ਉਹ ਵਿਦੇਸ਼ੀ ਖਿਡੋਣਿਆ ਨਾਲ ਨਹੀਂ ਖੇਡਣਗੇ, 5 ਸਾਲ ਦਾ ਬੱਚਾ ਘਰ ਵਿੱਚ ਵਿਦੇਸ਼ੀ ਖਿਡੋਣਿਆਂ ਨਾਲ ਨਾ ਖੇਡਣ ਦਾ ਅਹਿਦ ਲੈਂਦਾ ਹੈ ਤਾਂ ਭਾਰਤ ਆਤਮ ਨਿਰਭਰ ਦੇ ਰੰਗਾਂ ਵਿੱਚ ਦੋੜਦਾ ਹੈ। ਤੁਸੀਂ ਵੇਖੋਂ PLI ਸਕੀਮ, 1 ਲੱਖ ਕਰੋੜ ਰੁਪਏ,ਦੁਨੀਆ ਦੇ ਲੋਕ ਭਾਰਤ ਦੀਆਂ ਚੀਜ਼ਾਂ ਦੀ ਵਰਤੋਂ ਕਰ ਰਹੇ ਨੇ,ਭਾਰਤ ਹੁਣ ਮੈਨਊਫੈਕਚਰਿੰਗ ਦਾ ਹੱਬ ਬਣ ਰਿਹਾ ਹੈ। ਅਸੀਂ ਆਤਮ ਨਿਰਭਰ ਬਣਨਾ ਹੈ ।

10 ਫੌਜ ਦੇ ਜਵਾਨਾਂ ਨੂੰ ਅੱਜ ਸਲਾਮ ਕਰਨ ਦਾ ਦਿਨ ਹੈ, ਆਜ਼ਾਦੀ ਦੇ 75 ਸਾਲ ਤੋਂ ਜਿਸ ਆਵਾਜ਼ ਨੂੰ ਸੁਣਨ ਦੇ ਲਈ ਸਾਡੇ ਕੰਨ ਤਰਸ ਰਹੇ ਸਨ। 75ਵੇਂ ਸਾਲ ਵਿੱਚ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਮੇਡ ਇਨ ਇੰਡੀਆ ਤੋਪ ਨੇ ਕੀਤਾ। ਉਨ੍ਹਾਂ ਨੇ ਆਪਣੇ ਦੇਸ਼ ਦੀ ਫੌਜ ਦਾ ਧੰਨਵਾਦ ਵੀ ਕੀਤਾ ਹੈ ।