‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜਨ ਔਸ਼ਧੀ ਦਿਹਾੜੇ ਤੇ ਸਮਾਰੋਹ ਦੌਰਾਨ ਵੀਡਿਓ ਕਾਨਫਰੰਸ ਰਾਹੀਂ ਸ਼ਿਲਾਂਗ ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਨੂੰ ਦੇਸ਼ ਦੇ ਨਾਗਰਿਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਚ ਸਸਤੀ ਦਵਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਆਮਦਨ ਦੇ ਸਾਧਨ ਵੀ ਮਿਲ ਰਹੇ ਹਨ। ਭੈਣਾਂ ਤੇ ਧੀਆਂ ਲਈ ਸਿਰਫ ਢਾਈ ਰੁਪਏ ਚ ਸੈਨੇਟਰੀ ਪੈਡ ਉਪਲਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਸੈਨੇਟਰੀ ਨੈਪਕਿਨ ਇਨ੍ਹਾਂ ਕੇਂਦਰਾਂ ਤੋਂ ਵੇਚੇ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੁਨਿਆ ਦੀ ਫਾਰਮੇਸੀ ਹੈ ਇਹ ਸਾਬਿਤ ਹੋ ਚੁੱਕਾ ਹੈ। ਦੁਨਿਆ ਸਾਡੀਆਂ ਜੇਨਰਿਕ ਦਵਾਈਆਂ ਲੈ ਰਹੀ ਹੈ। ਪਰ ਸਾਡੇ ਇੱਥੇ ਉਨ੍ਹਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਗਿਆ। ਹੁਣ ਅਸੀਂ ਇਸ ਕਾਰਜ ਤੇ ਜ਼ੋਰ ਦਿੱਤਾ ਹੈ। ਕੋਰੋਨਾ ਕਾਲ ਵਿਚ ਦੁਨਿਆ ਨੇ ਭਾਰਤ ਦੀਆਂ ਦਵਾਈਆਂ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਰਕਾਰੀ ਸੋਚ ਚ ਸਿਹਤ ਨੂੰ ਸਿਰਫ ਬੀਮਾਰੀ ਤੇ ਇਲਾਜ ਦਾ ਹੀ ਵਿਸ਼ਾ ਮੰਨਿਆ ਗਿਆ ਹੈ। ਪਰ ਸਿਹਤ ਦਾ ਵਿਸ਼ਾ ਸਿਰਫ ਬੀਮਾਰੀ ਤੋਂ ਮੁਕਤੀ ਪਾਣਾ ਹੀ ਨਹੀਂ ਹੈ, ਇਹ ਦੇਸ਼ ਦੇ ਪੂਰੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਵੀ ਪ੍ਰਭਾਵਿਤ ਕਰਦਾ ਹੈ।