Punjab

ਪੰਜਾਬ : 24 ਘੰਟੇ ਅੰਦਰ ਘਰ ‘ਚ ਵੜਕੇ ਤੀਜੇ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ !

ਬਿਉਰੋ ਰਿਪੋਰਟ : ਮੋਗਾ ਅਤੇ ਗੁਰਦਾਸਪੁਰ ਤੋਂ ਬਾਅਦ ਹੁਣ ਫਗਵਾੜਾ ਵਿੱਚ ਇੱਕ ਵਪਾਰੀ ਦਾ ਗੋਲੀ ਮਾਰ ਕੇ ਕਤ ਲ ਕਰ ਦਿੱਤਾ ਗਿਆ । ਗੋਲੀਬਾਰੀ ਦੀ ਇਹ ਘਟਨਾ ਨਿਊ ਮਨਸਾ ਦੇਵੀ ਨਗਰ ਵਿੱਚ ਹੋਈ ਹੈ । ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਸ ਦੀ ਪਛਾਣ ਪੰਕਜ ਦੁੱਗਲ ਦੇ ਰੂਪ ਵਿੱਚ ਹੋਈ ਹੈ । ਪੰਕਜ ਦੁੱਗਲ ਦਾ ਹਿਮਾਚਲ ਵਿੱਚ ਕਿਰਾਨੇ ਦੇ ਸਮਾਨ ਸਪਲਾਈ ਕਰਨ ਦਾ ਕੰਮ ਸੀ । ਪਰਿਵਾਰ ਦਾ ਕਹਿਣਾ ਹੈ ਕਿ ਪੰਕਜ ਦੁੱਗਲ ਦੇ ਘਰ 2 ਅਣਪਛਾਤੇ ਲੋਕ ਆਏ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ । ਪੰਕਜ ‘ਤੇ ਹਮਲਾਵਰਾਂ ਨੇ 2 ਫਾਇਰ ਕੀਤੇ । ਉਨ੍ਹਾਂ ਦੀ ਮੌਤ ਦਿਲ ਵਿੱਚ ਗੋਲੀ ਲੱਗਣ ਦੀ ਵਜ੍ਹਾ ਕਰਕੇ ਹੋਈ ਹੈ । ਜਦਕਿ ਇੱਕ ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲਗੀ ਹੈ । ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਜਦੋਂ ਪੰਕਜ ਨੂੰ ਹਸਪਤਾਲ ਵਿੱਚ ਲਿਆਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ।

ਪੁਲਿਸ ਦਾ ਬਿਆਨ

ਵਾਰਦਾਤ ਦੀ ਇਤਲਾਹ ਮਿਲਣ ਦੇ ਬਾਅਦ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਮੌਕੇ ‘ਤੇ ਪਹੁੰਚੇ,ਉਨ੍ਹਾਂ ਨੇ ਦੱਸਿਆ ਕਿ ਮਨਸਾ ਦੇਵੀ ਨਗਰ ਵਿੱਚ ਅਣਪਛਾਲੇ ਵਿਅਕਤੀ ਵੱਲੋਂ ਗੋਲੀ ਮਾਰੀ ਗਈ ਹੈ। ਪਤਾ ਚੱਲਿਆ ਹੈ ਕਿ ਮ੍ਰਿਤਕ ਵਿਅਕਤੀ ਹਿਮਾਚਲ ਵਿੱਚ ਕੰਮ ਕਰਦਾ ਸੀ । ਕਿੰਨੇ ਲੋਕਾਂ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੀ ਜਾਂਚ ਚੱਲ ਰਹੀ ਹੈ। ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ । 24 ਘੰਟੇ ਦੇ ਅੰਦਰ ਘਰ ਵਿੱਚ ਵੜਕੇ ਕੇ ਕਤਲ ਦੀ ਇਹ ਤੀਜੀ ਵਾਰਦਾਤ ਹੋ ਜੋ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਸਵਾਲ ਖੜੇ ਰਹੀ ਹੈ । ਵਿਰੋਧੀ ਵੀ ਇਸੇ ਮੁੱਦੇ ‘ਤੇ ਹੁਣ ਸਰਕਾਰ ਨੂੰ ਘੇਰ ਰਹੇ ਹਨ ।

ਮੋਗਾ ਵਿੱਚ ਕਾਂਗਰਸ ਆਗੂ ਦਾ ਕਤਲ

ਸੋਮਵਾਰ ਨੂੰ ਮੋਗਾ ਦੇ ਪਿੰਡ ਡਾਲਾ ਵਿੱਚ ਇੱਕ ਕਾਂਗਰਸੀ ਆਗੂ ਦਾ ਸਰੇਆਮ ਕਤਲ ਕਰ ਦਿੱਤਾ ਗਿਆ ਸੀ । ਮ੍ਰਿਤਕ ਕਾਂਗਰਸੀ ਆਗੂ ਦਾ ਨਾਂ ਬਲਜਿੰਦਰ ਸਿੰਘ ਬਲੀ ਹੈ । 2 ਬਾਈਕ ਸਵਾਰ ਆਏ ਅਤੇ ਉਨ੍ਹਾਂ ਨੇ ਬਲਜਿੰਦਰ ਸਿੰਘ ਬਲੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇੱਕ ਬਾਈਕ ਸਵਾਰ ਘਰ ਦੇ ਅੰਦਰ ਵੜਿਆ ਜਿਵੇ ਹੀ ਉਸ ਨੇ ਬਲੀ ਨੂੰ ਵੇਖਿਆ ਫਾਇਰ ਕਰ ਦਿੱਤਾ । ਗੋਲੀ ਸਿੱਧਾ ਕਾਂਗਰਸੀ ਆਗੂ ਦੇ ਢਿੱਡ ਵਿੱਚ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ । ਇਲਾਜ ਦੇ ਦੌਰਾਨ ਬਲਜਿੰਦਰ ਬਲੀ ਦੀ ਮੌਤ ਹੋ ਗਈ । ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ । ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕ ਗੋਲੀ ਲੱਗਣ ਤੋਂ ਬਾਅਦ ਬਲੀ ਨੇ ਉੱਠਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਹੇਠਾਂ ਡਿੱਗ ਗਏ ।

ਗੁਰਦਾਸਪੁਰ ਵਿੱਚ ਕਿਸਾਨ ਆਗੂ ‘ਤੇ ਹਮਲਾ

ਗੁਰਦਾਸਪੁਰ ਦੇ ਕਸਬੇ ਕਲਾਨੌਰ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਨੂੰ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਨੇ ਘਰ ਵਿੱਚ ਵੜ ਕੇ ਗੋਲ਼ੀਆਂ ਮਾਰੀਆਂ । ਇਸ ਵਾਰਦਾਤ ਵਿੱਚ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਵਿੱਚ ਘਰ ਵਿੱਚ ਸੀ ਇਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਆਏ ਤੇ ਇੱਕ ਨੇ ਘਰ ਦੇ ਅੰਦਰ ਜਾ ਕੇ ਪੁੱਛਿਆ ਕਿ ਗਿਆਨ ਸਾਗਰ ਕਾਲਜ ਤੁਹਾਡਾ ਹੈ ਤੇ ਉਹ ਉੱਥੇ ਅਹਾਤਾ ਖੋਲ੍ਹਣਾ ਚਾਹੁੰਦਾ ਹੈ। ਜਦੋਂ ਉਸ ਦੇ ਭਰਾ ਨੇ ਇਸ ਤੋਂ ਇਨਕਾਰ ਕੀਤਾ ਤਾਂ ਦੂਜੇ ਵਿਅਕਤੀ ਨੇ ਉਸ ਉੱਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੀ ਲੱਤ ਵਿੱਚ ਵੱਜੀ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦਾ ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।