Punjab

ਬੇਸ਼ਰਮੀ ਤੇ ਅਨਮਨੁੱਖਤਾ ਦੀ ਹੱਦ ! ਧੀ ਨੇ ਜਨਮ ਲਿਆ ਤਾਂ ਦੁਕਾਨ ਦੇ ਕਾਊਂਟਰ ‘ਤੇ ਛੱਡ ਗਏ !

ਬਿਉਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਅਮਲੋਹ ਸਥਿਤ ਪਿੰਡ ਸ਼ਾਹਪੁਰ ਵਿੱਚ ਇੱਕ ਨਵ-ਜਨਮੇ ਬੱਚੀ ਇੱਕ ਦੁਕਾਨ ਤੋਂ ਮਿਲੀ ਹੈ । ਬੱਚੀ ਨੂੰ ਦੁਕਾਨ ਦੇ ਬਾਹਰ ਕਾਉਂਟਰ ‘ਤੇ ਛੱਡ ਕੇ ਕੋਈ ਫਰਾਰ ਹੋ ਗਿਆ ਸੀ। ਫਿਲਹਾਲ ਬੱਚੀ ਨੂੰ ਦੁਕਾਨ ਮਾਲਿਕ ਨੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਦੁਕਾਨ ਮਾਲਿਕ ਦੀ ਮਾਂ ਦਰਸ਼ਨਾ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਕਾਉਂਟਰ ‘ਤੇ ਕੋਈ ਬੱਚੀ ਰੋ ਰਹੀ ਹੈ । ਉਹ ਫੌਰਨ ਮੌਕੇ ‘ਤੇ ਗਏ ਅਤੇ ਉੱਥੇ ਵੇਖਿਆ ਕਿ ਕੋਈ ਵਿਅਕਤੀ ਕਾਉਂਟਰ ‘ਤੇ ਨਵ-ਜਨਮੀ ਬੱਚੀ ਨੂੰ ਛੱਡ ਕੇ ਗਿਆ ਸੀ ।

ਔਰਤ ਦੁਕਾਨਕਾਰ ਨੇ ਕਿਹਾ ਮੈਂ ਬੱਚੀ ਨੂੰ ਸੰਭਾਲਣ ਨੂੰ ਤਿਆਰ

ਦਰਸ਼ਨਾ ਕੌਰ ਪਿੰਡ ਸ਼ਾਹਪੁਰ ਵਿੱਚ ਰੇਹੜੀ ਲਗਾਉਂਦੀ ਹੈ । ਉਨ੍ਹਾਂ ਦਾ ਪੁੱਤਰ ਦੁਕਾਨ ਚਲਾਉਂਦਾ ਹੈ ਅਤੇ ਉਸ ਦੇ 3 ਬੱਚੇ ਹਨ । ਪਰ ਇਸ ਦੇ ਬਾਵਜੂਦ ਦਰਸ਼ਨਾ ਕੌਰ ਨੇ ਕਿਹਾ ਉਹ ਬੱਚੇ ਨੂੰ ਸੰਭਾਲਣ ਲਈ ਤਿਆਰ ਹੈ । ਇਹ ਰੱਬ ਦੀ ਮਰਜ਼ੀ ਹੈ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਕੋਈ ਧੀ ਛੱਡ ਗਿਆ ਹੈ। ਉਹ ਉਸ ਦਾ ਪਾਲਨ ਪੋਸ਼ਣ ਕਰਨਗੇ । ਉਧਰ ਦਰਸ਼ਨਾ ਕੌਰ ਨੇ ਕਿਹਾ ਕਿ ਇਹ ਇੱਕ ਪਾਪ ਹੈ ਅਜਿਹਾ ਕਰਨ ਵਾਲੇ ਨੂੰ ਰੱਬ ਸਜ਼ਾ ਦੇਵੇਗਾ ।

ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ

ਅਮਲੋਹ ਦੇ SHO ਰਣਦੀਪ ਕੁਮਾਰ ਨੇ ਕਿਹਾ ਕਿ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ । ਪਤਾ ਲਗਾਇਆ ਜਾ ਰਿਹਾ ਹੈ ਕਿ ਬੱਚੀ ਨੂੰ ਦੁਕਾਨ ਦੇ ਬਾਹਰ ਕੌਣ ਛੱਡ ਕੇ ਗਿਆ ਹੈ । ਆਲੇ-ਦੁਆਲੇ ਦੇ ਹਸਪਤਾਲਾਂ ਤੋਂ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ।