India

ਝਾਰਖੰਡ ‘ਚ ਇਨ੍ਹਾਂ ਲੋਕਾਂ ਲਈ ਪੈਟਰੋਲ ਹੋਇਆ ਸਸਤਾ

‘ਦ ਖ਼ਾਲਸ ਬਿਊਰੋ : ਝਾਰਖੰਡ ਸਰਕਾਰ ਨੇ ਗਰੀਬੀ ਰੇਖਾ ਤੋਂ ਥੱਲੇ ਜ਼ਿੰਦਗੀ ਬਤੀਤ ਕਰਨ ਵਾਲਿਆਂ ਦੇ ਲਈ ਪੈਟਰੋਲ ਦੀ ਕੀਮਤ ਵਿੱਚ 25 ਰੁਪਏ ਪ੍ਰਤੀ ਲੀਟਰ ਦੀ ਛੋਟ ਦਿੱਤੀ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਪਣੀ ਸਰਕਾਰ ਦੀ ਦੂਸਰੀ ਵਰ੍ਹੇਗੰਢ ਮੌਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ 26 ਜਨਵਰੀ ਨੂੰ ਇਹ ਛੋਟ ਲਾਗੂ ਹੋਵੇਗੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੈਟਰੋਲ ਉੱਤੇ 25 ਰੁਪਏ ਪ੍ਰਤੀ ਲੀਟਰ ਦੀ ਛੋਟ ਸਿਰਫ਼ ਦੋ ਪਹੀਆ ਵਾਹਨਾਂ ਨੂੰ ਦਿੱਤੀ ਜਾਵੇਗੀ। ਛੋਟ ਦੀ ਰਾਸ਼ੀ ਡੀਬੀਟੀ ਦੇ ਮਾਧਿਅਮ ਰਾਹੀ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਜਾਵੇਗੀ। ਇਸਦੇ ਤਹਿਤ ਹਰ ਮਹੀਨੇ ਜ਼ਿਆਦਾ ਤੋਂ ਜ਼ਿਆਦਾ 10 ਲੀਟਰ ਪੈਟਰੋਲ ਖਰੀਦਿਆ ਜਾ ਸਕਦਾ ਹੈ।

ਇਹ ਛੋਟ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ ਜੋ ਦੋ ਪਹੀਆ ਵਾਹਨਾਂ ਨਾਲ ਆਪਣੀ ਫਸਲ ਲੈ ਕੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਕੋਲ ਬੀਪੀਐੱਲ ਰਾਸ਼ਨ ਕਾਰਡ ਹੈ। ਇਸ ਤਰ੍ਹਾਂ ਦੇ ਲੋਕ ਪੈਟਰੋਲ ਪੰਪ ‘ਤੇ ਪੂਰਾ ਪੈਸਾ ਦੇਣਗੇ। ਇਸ ਤੋਂ ਬਾਅਦ ਡੀਬੀਟੀ ਦੇ ਮਾਧਿਅਮ ਰਾਹੀਂ ਛੋਟ ਦੇ ਪੈਸੇ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਜਾਣਗੇ। ਮੁੱਖ ਮੰਤਰੀ ਸੋਰੇਨ ਨੇ ਵਿਦਿਆਰਥੀਆਂ ਦੇ ਲਈ ਅਗਲੇ ਸਾਲ ਤੋਂ ਗੁਰੂਜੀ ਸਟੂਡੈਂਟ ਕ੍ਰੈਡਿਟ ਕਾਰਡ ਯੋਜਨਾ ਲਾਗੂ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕ੍ਰੈਡਿਟ ਕਾਰਡ ਦੇ ਨਾਲ ਵਿਦਿਆਰਥੀਆਂ ਨੂੰ ਪੜਾਈ ਦੇ ਲਈ ਆਸਾਨੀ ਨਾਲ ਲੋਨ ਮਿਲ ਸਕੇਗਾ। ਮੁੱਖ ਮੰਤਰੀ ਨੇ ਕਈ ਹੋਰ ਨਵੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਅਤੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦਾ ਵੇਰਵਾ ਦਿੱਤਾ।