ਬਿਉਰੋ ਰਿਪੋਰਟ: ਤਰਨਤਾਰਨ ਵਿੱਚ ਇੱਕ ਔਰਤ ਨੂੰ ਨਗਨ ਘੁਮਾਉਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਆਪ ਨੋਟਿਸ ਲੈਂਦੇ ਹੋਏ ਸਖਤ ਟਿੱਪਣੀਆਂ ਕੀਤੀਆਂ ਸਨ। ਜਸਟਿਸ ਵਿਸ਼ਿਸ਼ਟ ਨੇ ਕਿਹਾ ਮੈਨੂੰ ਮਹਾ ਭਾਰਤ ਦੀ ਯਾਦ ਆ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਨੇ 30 ਅਪ੍ਰੈਲ ਤੱਕ ਪੰਜਾਬ ਸਰਕਾਰ ਕੋਲੋਂ ਸਟੇਟਸ ਰਿਪੋਰਟ ਮੰਗੀ ਹੈ।
ਹਾਈ ਕੋਰਟ ਨੇ ਕਿਹਾ ਕਿ ਇਹ ਘਿਨਾਉਣੀ ਘਟਨਾ ਹੈ, ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਸਟਿਸ ਵਿਸ਼ਿਸ਼ਟ ਦੀ ਟਿੱਪਣੀ ’ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸ ਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਦੁਰਯੋਧਨ ਕੌਣ ਅਤੇ ਕੌਰਵ ਕੌਣ ਹੈ? ਇਸ ਦਾ ਫੈਸਲਾ ਪੰਜਾਬ ਦੀ ਜਨਤਾ ਨੂੰ ਚੋਣਾਂ ਦੇ ਦੌਰਾਨ ਕਰਨਾ ਹੋਵੇਗਾ।
ਜਾਖੜ ਨੇ ਕਿਹਾ ਅੱਜ ਵੇਲਾ ਹੈ ਪੱਗੜੀ ਸੰਭਾਲ ਜੱਟਾ ਦੇ ਨਾਰੇ ’ਤੇ ਪਹਿਰਾ ਦੇਣ ਦਾ। ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਰਾਬ ਘਪਲੇ ਵਿੱਚ ਫਸੇ ਆਪਣੇ ਆਗੂ ਅਰਵਿੰਦ ਕੇਜਰੀਵਾਲ ਦਾ ਬਚਾਅ ਕਰਨ ਵਿੱਚ ਲੱਗੇ ਹਨ, ਪੰਜਾਬ ਦੀਆਂ ਧੀਆਂ-ਭੈਣਾਂ ਦਾ ਖਿਆਲ਼ ਨਹੀਂ ਹੈ, ਅਜਿਹੀ ਸਰਕਾਰ ਨੂੰ ਜਨਤਾ ਚੋਣਾਂ ਵਿੱਚ ਸਬਕ ਜ਼ਰੂਰ ਸਿਖਾਏਗੀ।
ਤਰਨਤਾਰਨ ਵਿੱਚ ਇੱਕ ਔਰਤ ਨੂੰ ਇਸ ਲਈ ਨਗਨ ਘੁਮਾਇਆ ਗਿਆ ਸੀ ਕਿਉਂਕਿ ਉਸ ਦੇ ਪੁੱਤਰ ਨੇ ਪ੍ਰੇਮ ਵਿਆਹ ਕੀਤਾ ਸੀ। ਕੁੜੀ ਦੇ ਘਰ ਵਾਲਿਆਂ ਨੇ ਇਹ ਹਰਕਤ ਕੀਤੀ ਸੀ ਅਤੇ ਫਿਰ ਵੀਡੀਓ ਬਣਾ ਕੇ ਵਾਇਰਲ ਵੀ ਕੀਤਾ। ਪੁਲਿਸ ਨੇ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਨੋਟਿਸ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਨੂੰ ਫੜਿਆ ਸੀ।
ਇਹ ਵੀ ਪੜ੍ਹੋ – ਕਾਂਗਰਸ ਦੇ ਨਿਆਂ ਪੱਤਰ ‘ਚ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਲਈ ਕੀ ਖ਼ਾਸ? ਪੰਜਾਬ ‘ਚ ਕਾਂਗਰਸ ਦਾ ਬੇੜਾ ਕਰੇਗਾ ਪਾਰ!