Punjab

ਫ਼ਤਹਿਗੜ੍ਹ ਸਾਹਿਬ ‘ਚ ਵੱਡਾ ਧਮਾਕਾ, 6 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ, ਹਾਦਸਾ ਨਹੀਂ ਵੱਡੀ ਲਾਪਰਵਾਹੀ!

ਬਿਉਰੋ ਰਿਪੋਰਟ: ਫ਼ਤਹਿਗੜ੍ਹ ਸਾਹਿਬ (Fatehgarh sahib) ਦੇ ਮੰਡੀ ਗੋਬਿੰਦਗੜ੍ਹ (Mandi Gobindgarh) ਵਿੱਚ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ। ਗਿਆਨ ਕਾਸਟਿੰਗ ਪ੍ਰਾਈਵੇਟ ਲਿਮਟਿਡ ਦੇ ਫਰਨੈਂਸ ਯੂਨਿਟ ਦੀ ਭੱਠੀ ਵਿੱਚ ਧਮਾਕੇ ਨਾਲ ਮਜ਼ਦੂਰਾਂ ਉੱਤੇ ਗਰਮ ਲੋਹਾ ਡਿੱਗ ਗਿਆ ਜਿਸ ਨਾਲ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਮਜ਼ਦੂਰਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇੱਕ ਮਜ਼ਦੂਰ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀ ਜਿਸ ਕਰਕੇ ਉਸ ਨੂੰ ਖੰਨਾ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਬਾਕੀ 5 ਮਜ਼ਦੂਰਾਂ ਦਾ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਵੱਡੀ ਅਣਗਹਿਲੀ ਆਈ ਸਾਹਮਣੇ

ਰਿਪੋਰਟਾਂ ਵਿੱਚ ਭੱਠੀ ਯੂਨਿਟ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਉੱਥੇ ਮਜ਼ਦੂਰਾਂ ਨੂੰ ਬਿਨਾਂ ਸੇਫਟੀ ਡਰੈੱਸ ਹੀ ਭੱਠੀ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਕਿਸੇ ਵੀ ਕਾਮੇ ਨੇ ਆਪਣੀ ਸੁਰੱਖਿਆ ਲਈ ਸੇਫਟੀ ਡਰੈੱਸ ਨਹੀਂ ਪਾਈ ਹੋਈ ਸੀ ਜਿਸ ਕਾਰਨ ਮਜ਼ਦੂਰਾਂ ਦੇ ਸਰੀਰ ਕਾਫੀ ਹੱਦ ਤਕ ਝੁਲਸ ਗਏ ਹਨ।

ਦੱਸ ਦੇਈਏ ਇਸ ਫਰਨੈਂਸ ਯੂਨਿਟ ਦੇ ਨਾਲ ਇੱਕ ਰਿਹਾਇਸ਼ੀ ਖੇਤਰ ਵੀ ਲੱਗਦਾ ਹੈ। ਇਸ ਇਲਾਕੇ ਦੇ ਲੋਕਾਂ ਨੇ ਪਹਿਲਾਂ ਵੀ ਭੱਠੀ ਯੂਨਿਟ ਦਾ ਵਿਰੋਧ ਕੀਤਾ ਹੈ। ਧਮਾਕੇ ਤੋਂ ਬਾਅਦ ਵੀ ਇਲਾਕੇ ਦੇ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ। ਲੋਕ ਭੱਠੀ ਦੇ ਬਾਹਰ ਇਕੱਤਰ ਹੋਏ ਤੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਭੱਠੀ ਨਾਲ ਇਲਾਕੇ ਵਿੱਚ ਪ੍ਰਦੂਸ਼ਣ ਪੈਦਾ ਹੋਣ ਦੀ ਸ਼ਿਕਾਇਤ ਕੀਤੀ ਹੈ। ਭੱਠੀ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧਾਂ ਦੀ ਘਾਟ ਬਾਰੇ ਵੀ ਸਵਾਲ ਚੁੱਕੇ ਹਨ।

ਘਟਨਾ ਦੀ ਖ਼ਬਰ ਮਿਲਣ ’ਤੇ ਰਾਕੇਸ਼ ਯਾਦਵ SP (I) ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਦੀ ਇੱਕ ਟੀਮ ਭੇਜੀ ਜਾਵੇਗੀ ਤੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ – ਕਾਂਗਰਸ ਦੇ ਨਿਆਂ ਪੱਤਰ ‘ਚ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਲਈ ਕੀ ਖ਼ਾਸ? ਪੰਜਾਬ ‘ਚ ਕਾਂਗਰਸ ਦਾ ਬੇੜਾ ਕਰੇਗਾ ਪਾਰ!