‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਿਛਲੇ ਇੱਕ ਹਫਤੇ ਤੋਂ ਇਰਾਨ ਦੇ ਦੱਖਣੀ-ਪੱਛਮੀ ਹਿੱਸੇ ਦੇ ਖੇਤਰ ਖੂਜੇਸਤਾਨ ਵਿੱਚ ਲੋਕ ਪਾਣੀ ਲਈ ਪ੍ਰਦਰਸ਼ਨ ਕਰ ਰਹੇ ਹਨ। ਹਾਲਾਤ ਇਹ ਹਨ ਕਿ ਰਾਤ ਵੇਲੇ ਪਾਣੀ ਦੀ ਕਿੱਲਤ ਨਾਲ ਜੂਝਣ ਵਾਲੇ ਲੋਕਾਂ ਦੀ ਭੀੜ ਉੱਤੇ ਪੁਲਿਸ ਵੀ ਫਾਇਰਿੰਗ ਕਰ ਰਹੀ ਹੈ।ਬੀਬੀਸੀ ਨਿਊਜ਼ ਦੀ ਖਬਰ ਮੁਤਾਬਿਕ ਸੁਰੱਖਿਆ ਬਲਾਂ ਨਾਲ ਝੜਪ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪ੍ਰਦਰਸ਼ਕਾਰੀ ਖੁਲ੍ਹੇ ਰੂਪ ਵਿਚ ਨਾਰੇਬਾਜੀ ਕਰ ਰਹੇ ਹਨ ਕਿ ਅਸੀਂ ਪਾਣੀ ਦੀ ਕਿੱਲਤ ਕਾਰਨ ਸੜਕਾਂ ਉੱਤੇ ਹਾਂ, ਅਸੀਂ ਤੁਹਾਡੀਆਂ ਜਮੀਨਾਂ ਜਾਂ ਪਾਣੀ ਨਹੀਂ ਲੁੱਟਣ ਆਏ। ਪਰ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਦੀ ਕਾਰਵਾਈ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਰਾਨ ਦਾ ਇਹ ਦੱਖਣੀ-ਪੱਛਮੀ ਹਿੱਸਾ ਦੇਸ਼ ਦਾ ਸਭ ਤੋਂ ਗਰਮ ਖੇਤਰ ਦੱਸਿਆ ਜਾ ਰਿਹਾ ਹੈ।ਇੱਥੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।ਲੋਕਾਂ ਦਾ ਸਿੱਧਾ ਵਿਦਰੋਹ ਸਥਾਨਕ ਲੀਡਰਾਂ ਦੇ ਖਿਲਾਫ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਇੰਟਰਨੈੱਟ ਬੰਦ ਕਰ ਦਿੱਤਾ ਹੈ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।ਦੱਸ ਦਈਏ ਕਿ ਸਰਕਾਰ ਨੇ ਕਈ ਥਾਈਂ ਡੈਮ ਬਣਾ ਦਿੱਤੇ ਹਨ ਪਰ ਜਿਆਦਾ ਇਲਾਕਾ ਸੋਕੇ ਦੀ ਮਾਰ ਹੇਠਾਂ ਹੈ।