‘ਦ ਖ਼ਾਲਸ ਬਿਊਰੋ :- ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਲਾਏ ਗਏ ਲਾਕਡਾਊਨ ਕਾਰਨ ਕਈ ਨੌਜਵਾਨਾਂ ਦੇ ਵਿਆਹ ਕਰਾਉਣ ਦੇ ਸੁਫ਼ਨੇ ਧਰੇ ਧਰਾਏ ਹੀ ਰਹਿ ਗਏ। ਫਿਰ ਵੀ ਕੁੱਝ ਨੇ ਹਿੰਮਤ ਦਿਖਾਈ ਤੇ ਸਾਦੇ ਵਿਆਹ ਕਰਵਾ ਕੇ ਮਿਸਾਲਾਂ ਪੇਸ਼ ਕੀਤੀਆਂ। ਪਹਿਲਾਂ ਵਿਆਹ ਦੇ ਨਾਮ ’ਤੇ ਸੈਂਕੜੇ ਮਹਿਮਾਨਾਂ ਨੂੰ ਖੁਸ਼ ਕਰਨ ’ਤੇ ਹੀ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਜਾਂਦੇ ਸਨ ਪਰ ਹੁਣ ਨੌਜਵਾਨ ਸਾਦੇ ਵਿਆਹਾਂ ਨੂੰ ਤਰਜੀਹ ਦੇ ਰਹੇ ਹਨ। ਅਤੇ ਸਮਾਜ ਨੂੰ ਸਾਦੇ ਵਿਆਹ ਯਾਨਿ ਬੈਂਡ, ਵਾਜੇ ਤੇ ਬਾਰਾਤ ਦੀ ਥਾਂ ’ਤੇ ਹੁਣ ਮਾਸਕ, ਸੈਨੇਟਾਈਜ਼ਰ ਤੇ ਸਮਾਜਿਕ ਦੂਰੀ ਜਿਹੇ ਨਿਯਮਾ ਨੇ ਥਾਂ ਲੈ ਲਈ ਹੈ।

ਵਿਆਹ ਦੀਆਂ ਰਸਮਾਂ ਵੇਲੇ ਕੁੱਝ ਕੁ ਨੇੜਲੇ ਰਿਸ਼ਤੇਦਾਰ ਹੀ ਸ਼ਾਮਿਲ ਹੁੰਦੇ ਹਨ। ਉੜੀਸਾ ਦੇ ਜਗਤਸਿੰਗਪੁਰ ਜ਼ਿਲ੍ਹੇ ਦੀ ਜਯੋਤੀ ਰੰਜਨ ਸਵੈਨ ਨੇ ਕਿਹਾ ਕਿ ਲਾਕਡਾਊਨ ਕਾਰਨ ਉਨ੍ਹਾਂ ਵਿਆਹ ਲਈ ਬਚਾਇਆ ਗਿਆ ਪੈਸਾ ਮਹਾਂਮਾਰੀ ਦੇ ਟਾਕਰੇ ਲਈ ਦਾਨ ਕਰਨ ਦਾ ਫ਼ੈਸਲਾ ਲਿਆ। ਵਿਆਹ ’ਚ ਹਾਜ਼ਰ ਬਲਾਕ ਵਿਕਾਸ ਅਫ਼ਸਰ ਕਾਰਤਿਕ ਚੰਦਰ ਬਹੇੜਾ ਨੇ ਕਿਹਾ ਕਿ ਕੋਈ ਵੱਡਾ ਇਕੱਠ ਨਹੀਂ ਕੀਤਾ ਗਿਆ ਤੇ ਜੋੜੇ ਨੇ ਸਾਦੇ ਵਿਆਹ ਮਗਰੋਂ ਮਠਿਆਈਆਂ ਵੰਡੀਆਂ।