‘ਦ ਖ਼ਾਲਸ ਬਿਊਰੋ :- ਰਿਟਾਇਰਡ ਟੈਨਿਸ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਅਸਟ੍ਰੇਲਿਆਈ ਓਪਨ ਦੌਰਾਨ ਚੀਨੀ ਖਿਡਾਰੀ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ ਪਾਉਣ ‘ਤੇ ਰੋਕ ਲਗਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਸ਼ੁੱਕਰਵਾਰ ਨੂੰ ਅਸਟ੍ਰੇਲੀਆਈ ਓਪਨ ਵਿੱਚ ਇੱਕ ਮੈਚ ਦੌਰਾਨ ਦਰਸ਼ਕਾਂ ਵਿੱਚ ਬੈਠੇ ਇੱਕ ਵਿਅਕਤੀ ਨੂੰ ਸੁਰੱਖਿਆਕਰਮੀ ਨੇ ਆਪਣੀ ਟੀ-ਸ਼ਰਟ ਉਤਾਰਨ ਲਈ ਕਿਹਾ। ਉਸ ਵਿਅਕਤੀ ਦੀ ਟੀ-ਸ਼ਰਟ ‘ਤੇ ਲਿਖਿਆ ਸੀ ਕਿ ਪੇਂਸ਼ ਸ਼ੁਆਈ ਕਿੱਥੇ ਹੈ ?
ਚੀਨ ਦੇ ਸਭ ਤੋਂ ਵੱਡੇ ਖਿਡਾਰੀਆਂ ‘ਚੋਂ ਸ਼ਾਮਿਲ ਸ਼ੁਆਈ ਨੇ ਕੁੱਝ ਮਹੀਨੇ ਪਹਿਲਾਂ ਚੀਨ ਦੇ ਇੱਕ ਚੋਟੀ ਦੇ ਅਧਿਕਾਰੀ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਉਹ ਕਈ ਹਫਤਿਆਂ ਤੱਕ ਸਾਹਮਣੇ ਨਹੀਂ ਆਈ। ਨਵੰਬਰ ਮਹੀਨੇ ਵਿੱਚ ਇੱਕ ਮੇਲ ਸਾਹਮਣੀ ਆਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਮੇਲ ਪੇਂਗ ਸ਼ੁਆਈ ਦੁਆਰਾ ਭੇਜੀ ਗਈ ਸੀ। ਉਸ ਦੀ ਤਰਫੋਂ ਅਧਿਕਾਰੀ ਉੱਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠਾ ਕਿਹਾ ਗਿਆ ਹੈ। ਦੁਨੀਆ ਭਰ ਵਿੱਚ ਲੋਕਾਂ ਨੇ ਇਸ ਮੇਲ ਦੀ ਪ੍ਰਮਾਣਿਕਤਾ ਉੱਤੇ ਸ਼ੱਕ ਪ੍ਰਗਟ ਕੀਤਾ ਸੀ ਅਤੇ ਪੇਂਗ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਸੀ।
ਅਸਟ੍ਰੇਲੀਅਨ ਓਪਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੇਂਗ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਚਿੰਤਾ ਹੈ। ਹਾਲਾਂਕਿ, ਉਨ੍ਹਾਂ ਨੇ ਟੀ-ਸ਼ਰਟ ਉਤਾਰਨ ਲਈ ਕਹਿਣ ਅਤੇ ਬੈਨਰ ਨੂੰ ਜ਼ਬਤ ਕਰਨ ਦੀ ਕਾਰਵਾਈ ਦਾ ਬਚਾਅ ਕੀਤਾ ਹੈ।