Punjab

PEARLS ਕੰਪਨੀ ਦੇ ਖਿਲਾਫ CM ਮਾਨ ਦੇ ਵਡੇ ਐਕਸ਼ਨ ਦਾ ਐਲਾਨ ! ਲੋਕਾਂ ਨੂੰ ਮਿਲਣਗੇ ਇਸ ਤਰ੍ਹਾਂ ਵਾਪਸ ਪੈਸੇ

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਕਰੋੜਾਂ ਰੁਪਏ ਹੜਪਨ ਵਾਲੀ PEARLS ਕੰਪਨੀ ਦੇ ਖਿਲਾਫ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕੰਪਨੀ ਨੇ ਲੱਖਾਂ ਲੋਕਾਂ ਦਾ ਕਰੋੜਾਂ ਰੁਪਏ ਲੁਟਿਆ ਹੈ। ਇਸ ਲਈ ਕੰਪਨੀ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਸੂਬਾ ਸਰਕਾਰ ਕਾਨੂੰਨੀ ਤਰੀਕੇ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਪਰਲਸ ਕੰਪਨੀ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲਏਗੀ, ਇਸ ਸਬੰਧ ਵਿੱਚ ਮੁੱਖ ਮੰਤਰੀ ਨੇ ਟਵੀਟ ਵੀ ਕੀਤਾ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਪਰਲਸ ਕੰਪਨੀ ਦੀ ਜਾਇਦਾਦ ਨੂੰ ਕਬਜ਼ੇ ਵਿੱਚ ਲੈਣ ਦੇ ਬਾਅਦ ਲੋਕਾਂ ਤੋਂ ਹੜਪੀ ਗਈ ਪੂਰੀ ਰਕਮ ਉਨ੍ਹਾਂ ਨੂੰ ਵਾਪਸ ਕਰਨ ਦਾ ਰਸਤਾ ਤਲਾਸ਼ਾ ਜਾਵੇਗਾ । ਇਸ ਸਬੰਧ ਵਿੱਚ ਉਨ੍ਹਾਂ ਨੇ ਜਲਦ ਜਾਣਕਾਰੀ ਸਾਂਝੀ ਕਰਨ ਦਾ ਐਲਾਨ ਕੀਤਾ ਹੈ ।

ਸਰਕਾਰ ਨੇ ਉੱਚ ਪੱਧਰੀ ਜਾਂਚ ਕਰਵਾਈ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਮਲੇ ਦੀ ਹਾਈ ਲੈਵਲ ਜਾਂਚ ਵੀ ਕਰਵਾਈ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਾਂਚ ਦੇ ਨਿਰਦੇਸ਼ ਆਪ ਦਿੱਤੇ ਸਨ । ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਖੂਨ ਪਸੀਨੇ ਦੀ ਕਮਾਈ ਨਾਲ ਲੁੱਟੇ ਹੋਏ ਅਰਬਾ ਰੁਪਏ ਪਰਲਸ ਕੰਪਨੀ ਦੀ ਜਾਇਦਾਦ ਵੇਚ ਕੇ ਵਸੂਲਣ ਦੇ ਨਿਰਦੇਸ਼ ਦਿੱਤੇ ਸਨ । 9 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ,ਪੰਜਾਬ ਵਿੱਚ ਤਕਰੀਬਨ 10 ਲੱਖ ਲੋਕਾਂ ਨੂੰ ਪਰਲਸ ਗਰੁੱਪ ਨੇ ਠੱਗੀ ਮਾਰੀ ਸੀ ।

ਜਾਇਦਾਦ ਨਿਲਾਮ ਕਰਵਾਏਗੀ ਸਰਕਾਰ

ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋਡਾ ਕਮੇਟੀ ਦੀ ਮਦਦ ਕਰਨ ਦੀ ਗੱਲ ਕਹੀ ਸੀ । ਜਿਸ ਦੇ ਤਹਿਤ ਪਰਲਸ ਗਰੁੱਪ ਦੀ ਜਾਇਦਾਦ ਨੂੰ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣਗੇ । ਜਿਕਰੇਖਾਸ ਹੈ ਕਿ ਲੋਡਾ ਕਮੇਟੀ ਦੇ ਕੋਲ ਡੇਢ ਲੱਖ ਨਿਵੇਸ਼ਕ ਪਹੁੰਚੇ । ਇਸ ਤੋਂ ਬਾਅਦ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਪਰਲਸ ਗਰੁੱਪ ਦੀ ਜਾਇਦਾਦ ਨਿਲਾਮ ਕਰਨ ਲਈ ਕਿਹਾ ਗਿਆ ਹੈ ।

ਪਰਲਸ ਗਰੁੱਪ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਦੇਸ਼ ਦੇ ਤਕਰੀਬਨ 5 ਕਰੋੜ 50 ਹਜ਼ਾਰ ਲੋਕਾਂ ਤੋਂ ਪ੍ਰਾਪਰਟੀ ਵਿੱਚ ਨਿਵੇਸ਼ ਕਰਵਾਇਆ ਅਤੇ 60 ਹਜ਼ਾਰ ਕਰੋੜ ਕਮਾਏ,ਪਰ ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਲੈਟਰ ਦੇਕੇ ਕੰਪਨੀ ਵੱਲੋਂ ਪੈਸਾ ਹੜਪ ਲਿਆ ਗਿਆ ।