ਬਿਉਰੋ ਰਿਪੋਰਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣੇ ਆਪ ਨੂੰ ਅਵਤਾਰ ਦੱਸਣ ਵਾਲੇ ਅਤੇ 12ਵਾਂ ਗੁਰੂ ਹੋਣ ਦਾ ਦਾਅਵਾ ਕਰਨ ਪਟੀਸ਼ਨਕਰਤਾ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਨੇ ਸਖਤ ਫੈਸਲਾ ਦਿੱਤਾ ਹੈ । ਅਦਾਲਤ ਨੇ FIR ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ । ਹਾਈਕੋਰਟ ਨੇ ਕਿਹਾ ਬੇਅਦਬੀ ਭਾਵੇ ਕਿਸੇ ਵੀ ਧਰਮ ਦੀ ਹੋਵੇ ਇਹ ਇੱਕ ਗੰਭੀਰ ਅਪਰਾਧ ਹੈ। ਕਿਉਂਕਿ ਇਹ ਸਮਾਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ।
SGPC ਨੇ ਸ਼ਿਕਾਇਤ ਕੀਤੀ ਸੀ
SGPC ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੇ ਸੰਜੇ ਰਾਏ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕੀਤੀ ਸੀ ਕਿ ਉਹ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ । ਸੰਜੇ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਸ਼੍ਰੀ ਗੁਰੂ ਨਾਨਕ ਦੇ ਜੀ ਦਾ ਅਵਤਾਰ ਦੱਸ ਰਿਹਾ ਹੈ। ਸਿੱਖ ਧਰਮ ਵਿੱਚ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਿਆ ਜਾਂਦਾ ਹੈ । ਇਸ ਮਾਮਲੇ ਵਿੱਚ ਅੰਮ੍ਰਿਤਸਰ ਵਿੱਚ 23 ਦਸੰਬਰ, 2022 ਨੂੰ ਦਰਜ FIR ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪਟੀਸ਼ਨਕਰਤਾ ਨੇ ਕਿਹਾ ਸੀ ਕਿ ਦੁਨੀਆ ਵਿੱਚ ਸਿਰਫ ਇੱਕ ਹੀ ਧਰਮ ਹੈ ।ਉਹ ਸਨਾਤਨ ਹੈ ਬਾਕੀ ਸਾਰੇ ਪੰਥ ਹਨ ।
‘ਮੇਰੇ ਵਿੱਚ ਗੁਰੂ ਸਾਹਿਬ ਦੀ ਆਤਮਾ’
ਪਟੀਸ਼ਨਕਰਤਾ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਹੈ ਅਤੇ ਉਹ ਉਨ੍ਹਾਂ ਦਾ ਅਵਤਾਰ ਹੈ । ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ । ਵੀਡੀਓ ਵਿੱਚ ਪਟੀਸ਼ਨਕਰਤਾ ਆਪਣੇ ਆਪ ਨੂੰ ਸਿੱਖਾਂ ਦਾ 12ਵਾਂ ਗੁਰੂ ਦੱਸ ਰਿਹਾ ਸੀ। ਜਿਸ ਤੋਂ ਬਾਅਦ ਉਸ ਦੇ ਖਿਲਾਫ IPC ਦੀ ਧਾਰਾ 295-A ਤਹਿਤ ਕਾਰਵਾਈ ਕੀਤੀ ਗਈ ਸੀ।