Punjab

6 ਸਾਲ ਬਾਅਦ ਇਸ ‘ਸਿੰਘ’ਨੂੰ ਹਾਈਕੋਰਟ ਤੋਂ ਵੱਡੀ ਰਾਹਤ !

mahinderpal bittu case jaspreet singh get bail

ਬਿਊਰੋ ਰਿਪੋਰਟ : ਨਾਭਾ ਜੇਲ੍ਹ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ । ਪੰਜਾਬ ਹਰਿਆਣਾ ਹਾਈਕੋਰਟ ਨੇ ਹੁਣ 6 ਸਾਲ ਬਾਅਦ ਦੂਜੇ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦਿੱਤੀ ਹੈ । ਸਿੱਖ ਲੀਗਲ AB ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਜੁਲਾਈ 2016 ਵਿੱਚ ਜਸਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿੱਚ ਬਲਵਿੰਦਰ ਕੌਰ ਦਾ ਕਤਲ ਕੀਤਾ ਸੀ । ਜਿਸ ਦੀ ਵਜ੍ਹਾ ਕਰਕੇ ਉਹ ਨਾਭਾ ਜੇਲ੍ਹ ਵਿੱਚ ਸੀ । ਇਸੇ ਦੌਰਾਨ 2019 ਵਿੱਚ ਜਦੋਂ ਮਹਿੰਦਰ ਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਹੋਇਆ ਸੀ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਜੇਲ੍ਹ ਵਿੱਚ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਨੂੰ ਡਿਟੇਨ ਕੀਤਾ ਸੀ ਅਤੇ ਪੂਰੇ ਕਤਲਕਾਂਡ ਦਾ ਮਾਸਟਰ ਮਾਇੰਡ ਦੱਸਿਆ ਸੀ ।


ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਨਾਭਾ ਜੇਲ੍ਹ ਵਿੱਚ ਹੀ ਬੰਦ ਜਸਪ੍ਰੀਤ ਸਿੰਘ ਨੇ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨਾਲ ਮਿਲ ਕੇ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਦਾ ਪਲਾਨ ਤਿਆਰ ਕੀਤਾ ਸੀ । 22 ਜੂਨ 2019 ਨੂੰ ਨਾਭਾ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਕੀਤਾ ਗਿਆ ਸੀ । 9 ਦਿਨਾਂ ਦੀ ਪੁੱਛ-ਗਿੱਛ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਤਿੰਨੋ ਮਲੁਜ਼ਮ ਕਤਲ ਵਾਲੇ ਦਿਨ ਉਸੇ ਜੇਲ੍ਹ ਵਿੱਚ ਸਨ। ਨਿਹਾਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੇ ਬੇਅਦਬੀ ਦੇ ਖਿਲਾਫ਼ ਕਈ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ ।

ਮਹਿੰਦਰਪਾਲ ਬਿੱਟੂ ਦੇ ਕਤਲ ਦੀ ਟਾਈਮ ਲਾਈਨ

ਅਕਤੂਬਰ 2018 ਵਿੱਚ ਮਾਸਟਰ ਮਾਇੰਡ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਨੇ ਮਨਿੰਦਰ ਅਤੇ ਗੁਰਸੇਵਕ ਦੇ ਨਾਲ ਮਿਲ ਕੇ ਬਿੱਟੂ ਨੂੰ ਮਾਰਨ ਦਾ ਪਲਾਨ ਨਾਭਾ ਜੇਲ੍ਹ ਵਿੱਚ ਬਣਾਇਆ ਸੀ । 4 ਦਸੰਬਰ ਨੂੰ ਬਿੱਟੂ ਨੂੰ ਨਵੀਂ ਨਾਭਾ ਜੇਲ੍ਹ ਤੋਂ ਫਰੀਦਕੋਟ ਸ਼ਿਫਟ ਕੀਤਾ ਗਿਆ । ਨਿਹਾਲ ਨੂੰ ਵੀ ਫਰੀਦਕੋਟ ਜੇਲ੍ਹ ਸ਼ਿਫਟ ਕੀਤਾ ਗਿਆ । ਜਦਕਿ ਮਨਿੰਦਰ ਅਤੇ ਗੁਰਸੇਵਰ ਨਵੀਂ ਨਾਭਾ ਜੇਲ੍ਹ ਵਿੱਚ ਹੀ ਰਹੇ। ਜਨਵਰੀ 2019 ਨੂੰ ਮੁੜ ਤੋਂ ਮਹਿੰਦਰ ਪਾਲ ਬਿੱਟੂ ਨੂੰ ਫਰੀਦਕੋਟ ਜੇਲ੍ਹ ਤੋਂ ਨਵੀਂ ਨਾਭਾ ਜੇਲ੍ਹ ਸ਼ਿਫਟ ਕੀਤਾ ਗਿਆ । ਮਾਰਚ ਵਿੱਚ ਗੁਰਸੇਵਕ ਪੈਰੋਲ ‘ਤੇ ਬਾਹਰ ਗਿਆ ਜਦੋਂ ਮਈ ਦੀ 15 ਤਰੀਕ ਦੇ ਆਲੇ ਦੁਆਲੇ ਗੁਰਸੇਵਕ ਵਾਪਸ ਜੇਲ੍ਹ ਵਿੱਚ ਆਇਆ ਤਾਂ 22 ਜੂਨ ਨੂੰ ਮਨਿੰਦਰ,ਗੁਰਸੇਵਕ ਨੇ ਬਿੱਟੂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ । ਜਦਕਿ ਇੱਕ ਹੋਰ ਮੁਲਜ਼ਮ ਲਖਬੀਰ ਸਿੰਘ ਲੱਖਾ ਨੇ ਉਸ ਨੂੰ ਲੱਕੜ ਨਾਲ ਘਸੀੜਿਆ ਅਤੇ ਬਿੱਟੂ ਦੀ ਮੌਤ ਹੋ ਗਈ ।

ਬੇਅਦਬੀ ਮਾਮਲੇ ਵਿੱਚ ਮਹਿੰਦਰਪਾਲ ਬਿੱਟੂ ਦਾ ਰੋਲ

2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਮਾਮਲੇ ਵਿੱਚ ਮਹਿੰਦਰਪਾਲ ਬਿੱਟੂ ਮੁਖ ਦੋਸ਼ੀ ਸੀ । ਉਹ ਡੇਰਾ ਸਿਰਸਾ ਦੀ ਉਸ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਜੋ ਸਿਆਸੀ ਅਤੇ ਹੋਰ ਫੈਸਲੇ ਲੈਂਦੀ ਸੀ । ਜੂਨ 2018 ਵਿੱਚ ਕੋਟਕਪੂਰਾ ਪੁਲਿਸ ਨੇ ਮਹਿੰਦਰ ਪਾਲ ਬਿੱਟੂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ । ਉਸ ਨੂੰ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ । ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਬਿੱਟੂ ਨੂੰ ਨਾਭਾ ਦੀ ਅੱਤ ਸੁਰੱਖਿਅਤ ਜੇਲ੍ਹ ਵਿੱਚ ਰੱਖਿਆ ਗਿਆ ਸੀ । ਪਰ ਉੱਥੇ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਹਾਲਾਂਕਿ ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਵਿੱਚ ਮਹਿੰਦਰਪਾਲ ਬਿੱਟੂ ਨੂੰ ਕਲੀਨ ਚਿੱਟ ਦਿੱਤੀ ਸੀ ।