ਬਿਊਰੋ ਰਿਪੋਰਟ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰਾਂ ‘ਤੇ ਵਿਦਿਆਰਥਣਾਂ ਨਾਲ ਸਰੀਰਕ ਸ਼ੋਸ਼ਣ ਅਤੇ ਛੇੜਖ਼ਾਨੀ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਪੀੜਤ ਵਿਦਿਆਰਥਣਆਂ ਵੱਲੋਂ ਲਗਾਏ ਗਏ ਹਨ। ਇਸ ਸਬੰਧੀ ਇਨ੍ਹਾਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵਾਇਸ ਚਾਂਸਲਰ ਸਤਬੀਰ ਸਿੰਘ ਗੋਸਲ ਨੂੰ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਸ਼ੋਸ਼ਣ ਤੋਂ ਜ਼ਿਆਦਾ ਯੂਨੀਵਰਸਿਟੀ ਦੀ ਸਾਖ ਦੀ ਜ਼ਿਆਦਾ ਚਿੰਤਾ ਹੈ ਅਤੇ ਇਸ ਲਈ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਵਿਦਿਆਰਥਣਾਂ ਨੇ ਦੱਸਿਆ ਕਿ ਸਹਾਇਕ ਪ੍ਰੋਫੈਸਰ ਵੱਲੋਂ ਕੀਤੀ ਗਈ ਤਾਜ਼ਾ ਕਰਤੂਤ ਨੇ ਤਾਂ ਹੈਰਾਨ ਕਰ ਦਿੱਤਾ ਹੈ । ਕੀਟ ਵਿਗਿਆਨ ਦੇ ਪ੍ਰੋਫੈਸਰ ਨੇ ਇੱਕ ਵਿਦਿਆਰਥਣ ਦਾ ਹੱਥ ਫੜਿਆ, ਕਮਰੇ ਵਿੱਚ ਕੁੰਡੀ ਲੱਗੀ ਸੀ, ਕੁੜੀ ਉੱਥੋਂ ਭੱਜੀ, ਉਸ ਤੋਂ ਬਾਅਦ ਵਿਦਿਆਰਥਣ ਦੇ ਘਰ ਵਾਲੇ ਆਏ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਲੈ ਕੇ ਵਾਇਸ ਚਾਂਸਲਰ ਸਤਬੀਰ ਸਿੰਘ ਗੋਸਲ ਨੂੰ ਵੀ ਸ਼ਿਕਾਇਤ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਯੂਨੀਵਰਸਿਟੀ ਦੇ ਅੰਦਰ ਵਿਦਿਆਰਥਣਾਂ ਦੀ ਸੁਰੱਖਿਆ ਦੇ ਲਈ ਕੋਈ ਵੀ ਕਾਨੂੰਨ ਕੰਮ ਨਹੀਂ ਕਰ ਰਿਹਾ ਹੈ। ਪੂਰਾ ਪ੍ਰਸ਼ਾਸਨ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਦਿੱਤਾ ਸੀ ਪਰ ਇੱਥੇ ਧੀਆਂ ਦੀ ਇੱਜ਼ਤ ਖ਼ਤਰੇ ਵਿੱਚ ਹੈ।
ਇਲਜ਼ਾਮ ਲਗਾਉਣ ਵਾਲੀਆਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਹਰ ਪੱਧਰ ‘ਤੇ ਵਿਦਿਆਰਥਣਾਂ ਨਾਲ ਵੱਖ-ਵੱਖ ਪ੍ਰੋਫੈਸਰਾਂ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਪਰ ਕਿਧਰੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਵਿਦਿਆਰਥਣਾਂ ਆਪਣੀ ਆਵਾਜ਼ ਨਹੀਂ ਚੁੱਕ ਪਾ ਰਹੀਆਂ ਹਨ, ਕਿਉਂਕਿ ਜੇਕਰ ਉਹ ਕੁੱਝ ਬੋਲਦੀਆਂ ਹਨ ਤਾਂ ਉਨ੍ਹਾਂ ਨੂੰ ਫ਼ੇਲ੍ਹ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਦਾ ਕੈਰੀਅਰ ਵੀ ਖ਼ਰਾਬ ਹੋ ਸਕਦਾ ਹੈ । ਇਸ ਤੋਂ ਇਲਾਵਾ ਇਹ ਵੀ ਡਰ ਵਿਖਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਕੁੱਝ ਵੀ ਬੋਲਿਆ ਤਾਂ ਉਨ੍ਹਾਂ ਦੇ ਪਰਿਵਾਰ ਦੀ ਸਾਖ ਨੂੰ ਧੱਕਾ ਲੱਗੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਵਿਦਿਆਰਥਣਾਂ ਨਾਲ ਆ ਰਹੇ ਅਜਿਹੇ ਮਾਮਲਿਆਂ ਦੀ ਵਜ੍ਹਾ ਕਰਕੇ ਕੁੜੀਆਂ ਦੇ ਦਾਖ਼ਲੇ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ। ਤੁਸੀਂ ਯੂਨੀਵਰਸਿਟੀ ਦੇ ਚਾਂਸਲਰ ਹੋ ਇਸ ਲਈ ਅਸੀਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਸਾਹਮਣੇ ਤਿੰਨ ਮੰਗਾਂ ਰੱਖਣਾ ਚਾਹੁੰਦੇ ਹਾਂ।
-
ਵਿਦਿਆਰਥਣ ਨਾਲ ਹੋਏ ਮੌਜੂਦਾ ਘਟਨਾ ਦੀ ਜਾਂਚ ਕਰਵਾਇਆ ਜਾਵੇ ਅਤੇ ਪੁਰਾਣੇ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਹੋਵੇ ਅਤੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।
-
ਜੇਕਰ ਤੁਸੀਂ ਵਿਦਿਆਰਥੀਆਂ ਦੇ ਲਈ ਇੱਕ ਕਮੇਟੀ ਦਾ ਗਠਨ ਕਰੋ ਤਾਂ ਚੰਗਾ ਹੋਵੇਗਾ, ਜੋ ਵਿਦਿਆਰਥੀਆਂ ਦੀ ਮੈਂਟਲ ਹੈਲਥ ਬਾਰੇ ਧਿਆਨ ਦੇ ਸਕੇ ਅਤੇ ਅਜਿਹੇ ਮਾਮਲਿਆਂ ਤੋਂ ਉਨ੍ਹਾਂ ਨੂੰ ਬਚਾ ਸਕੇ।
-
ਤੁਹਾਡੇ ਵੱਲੋਂ ਇਸ ਮਾਮਲੇ ਵਿੱਚ ਦਖ਼ਲ ਅਤੇ ਜਾਂਚ ‘ਤੇ ਨਿਗਰਾਨੀ ਇਨਸਾਫ਼ ਦਿਵਾਉਣ ਵਿੱਚ ਮਦਦ ਕਰੇਗੀ, ਅਸੀਂ ਬਹੁਤ ਹੀ ਹਿੰਮਤ ਅਤੇ ਆਸ ਦੇ ਨਾਲ ਤੁਹਾਨੂੰ ਈ-ਮੇਲ ਦੇ ਜ਼ਰੀਏ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜੇਕਰ ਸਾਡੀ ਪਛਾਣ ਸਾਹਮਣੇ ਆ ਗਈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਸਾਡੇ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ । ਇਸ ਤੋਂ ਬਾਅਦ ਕੋਈ ਵੀ ਇਸ ਦੇ ਖ਼ਿਲਾਫ਼ ਆਵਾਜ਼ ਨਹੀਂ ਚੁੱਕ ਸਕੇਗਾ। ਇਸ ਲਈ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਮਦਦ ਜ਼ਰੂਰ ਕਰੋਗੇ।