Khetibadi

ਪੀ.ਏ.ਯੂ. ਮਾਹਰਾਂ ਨੇ ਝੋਨੇ ਦੀਆਂ ਕਿਸਮਾਂ ਦੀ ਵਿਭਿੰਨਤਾ ਬਾਰੇ ਕਿਸਾਨਾਂ ਨੂੰ ਕੀਤੀ ਸਿਫ਼ਾਰਸ਼

PAU, farmers , diversity, recommended paddy varieties

ਲੁਧਿਆਣਾ : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਬੀਜੀਆਂ ਜਾਣ ਵਾਲੀਆਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਨੂੰ ਵਿਸ਼ੇਸ਼ ਪ੍ਰਵਾਨਗੀ ਮਿਲੀ ਹੈ | ਸਾਉਣੀ 2022 ਦੌਰਾਨ, ਪੀ.ਆਰ. 126 ਸਭ ਤੋਂ ਵੱਧ ਪ੍ਰਸਿੱਧ ਕਿਸਮ ਸੀ ਅਤੇ ਇਸ ਨੂੰ 22.0% ਰਕਬੇ ਤੇ ਕਾਸ਼ਤ ਕੀਤਾ ਗਿਆ। ਇਸ ਤੋਂ ਬਾਅਦ ਪੀ.ਆਰ. 121 ਨੂੰ 14% ਰਕਬੇ ਤੇ ਲਗਾਇਆ ਗਿਆ|

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਝੋਨਾ ਕਿਸਮ ਸੁਧਾਰਕ ਡਾ. ਬੂਟਾ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਤਰਨਤਾਰਨ, ਫਿਰੋਜ਼ਪੁਰ ਵਿੱਚ ਪੀ.ਆਰ 131 ਪਹਿਲੀ ਤਰਜੀਹ ਹੈ ਅਤੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਟਿਆਲਾ ਵਿੱਚ ਪੀ.ਆਰ 128 ਵਧੇਰੇ ਪਸੰਦੀਦਾ ਕਿਸਮ ਹੈ | ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਪੀ.ਆਰ. 126 ਦੀ ਮੰਗ ਸਭ ਤੋਂ ਵੱਧ ਹੈ| ਪੀ.ਆਰ. 131 ਦੇ ਬੀਜ ਦੀ ਮੰਗ ਦੂਜੇ ਨੰਬਰ ਤੇ ਹੈ ਇਸ ਦੀ ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਜ਼ਿਲ੍ਹਿਆਂ ਵਿੱਚ ਭਾਰੀ ਮੰਗ ਹੈ ਅਤੇ ਪੀ.ਆਰ. 114 ਦੀ ਥਾਂ ਲੈ ਰਹੀ ਹੈ|

ਉਹਨਾਂ ਦੱਸਿਆ ਕਿ ਪੀ.ਆਰ. 130 ਨੂੰ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਠਾਨਕੋਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨ ਤਰਜੀਹ ਦੇ ਰਹੇ ਹਨ| ਇਹ ਜ਼ਿਲ੍ਹੇ ਮੁੱਖ ਤੌਰ ਤੇ ਪੀ.ਆਰ 121 ਦੀ ਕਾਸ਼ਤ ਕਰ ਰਹੇ ਸਨ ਜੋ ਕਿ ਮਧਰੇਪਣ ਨਾਲ ਸਭ ਤੋ ਵੱਧ ਪ੍ਰਭਾਵਿਤ ਕਿਸਮ ਸੀ| ਇਹ ਕਿਸਮ ਪੀ.ਆਰ 121 ਅਤੇ ਐਚ. ਕੇ. ਆਰ 47 ਕਿਸਮਾਂ ਦੇ ਮਿਲਾਪ ਤੋਂ ਤਿਆਰ ਕੀਤੀ ਗਈ ਹੈ| ਇਹ ਕਿਸਮ ਪੱਕਣ ਲਈ ਪਨੀਰੀ ਉਪਰੰਤ 105 ਦਿਨ ਦਾ ਸਮਾਂ ਲੈਂਦੀ ਹੈ, ਢਹਿੰਦੀ ਨਹੀਂ ਅਤੇ ਇਸ ਕਿਸਮ ਦੇ ਚੌਲਾਂ ਵਿੱਚ ਟੋਟੇ ਦੀ ਮਾਤਰਾ ਬਹੁਤ ਘੱਟ ਹੈ|ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ|ਇਹ ਕਿਸਮ ਪੰਜਾਬ ਵਿੱਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ|

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਦਰਜਨ ਦੇ ਕਰੀਬ ਕਿਸਮਾਂ ਕਾਸ਼ਤ ਲਈ ਸਿਫਾਰਸ ਕੀਤੀਆਂ ਹਨ ਜੋ ਕਿ ਪਿਛੇਤੀ ਲੁਆਈ ਵਿੱਚ ਜਿਆਦਾ ਝਾੜ ਦਿੰਦੀਆਂ ਹਨ| ਇਹ ਕਿਸਮਾਂ ਪੰਜਾਬ ਵਿੱਚ 70 ਪ੍ਰਤੀਸ਼ਤ ਤੋ ਜਿਆਦਾ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ| ਪਿਛਲੇ ਸਾਲਾਂ ਦੌਰਾਨ ਕੀਤੇ ਖੋਜ ਤਜਰਬਿਆਂ ਦੇ ਅੰਕੜੇੇ ਦਰਸਾਉਦੇ ਹਨ ਕਿ ਵਧੇਰੇ ਝਾੜ ਲਈ ਪੀ ਆਰ ਕਿਸਮਾਂ ਦੀ ਲੁਆਈ 25 ਜੂਨ ਦੇ ਨਜ਼ਦੀਕ ਜਿਆਦਾ ਲਾਹੇਵੰਦ ਹੈ ਸਗੋਂ ਪੀ ਆਰ 126 ਜੁਲਾਈ ਮਹੀਨੇ ਵਿੱਚ ਲੁਆਈ ਦੇ ਤਹਿਤ ਬਿਹਤਰ ਪ੍ਰਦਰਸਨ ਕਰਦੀ ਹੈ| ਇਨ੍ਹਾਂ ਕਿਸਮਾਂ ਦੀ ਅਗੇਤੀ ਲੁਆਈ ਕਰਨ ਨਾਲ ਬੂਰ ਪੈਣ ਸਮੇਂ ਉੱਚ ਤਾਪਮਾਨ ਕਰਕੇ ਮੁੰਜਰਾਂ ਵਿੱਚ ਫੋਕ ਵੱਧ ਜਾਂਦੀ ਹੈ ਅਤੇ ਦਾਣੇ ਹਲਕੇ ਰਹਿ ਜਾਂਦੇ ਹਨ ਜੋ ਕਿ ਝਾੜ ਘਟਣ ਦਾ ਕਾਰਨ ਬਣਦੇ ਹਨ|

ਝੋਨੇ ਦੀ ਲੁਆਈ ਅਗੇਤੀ ਸ਼ੁਰੂ ਹੋਣ ਕਰਕੇ ਕੀੜੇ-ਮਕੌੜਿਆਂ ਦੀਆਂ ਜਿਆਦਾ ਪੀੜ੍ਹੀਆਂ ਬਣਦੀਆਂ ਹਨ| ਗੋਭ ਦੀਆਂ ਸੁੰਡੀਆਂ ਅਤੇ ਭੂਰੇ ਟਿੱਡਿਆਂ ਦੀ ਜਿਆਦਾ ਅਬਾਦੀ ਬਾਸਮਤੀ ਦੀ ਫ਼ਸਲ ਲਈ ਗੰਭੀਰ ਖਤਰਾ ਪੈਦਾ ਕਰੇਗੀ ਕਿਉਕਿ ਇਹਨਾਂ ਦੀ ਰੋਕਥਾਮ ਲਈ ਕੀਟਨਾਸਕਾਂ ਦੀ ਲੇਟ ਵਰਤੋਂ ਕਰਕੇ ਕੀਟਨਾਸਕਾਂ ਦੀ ਰਹਿੰਦ ਖੂੰਹਦ ਦੀਆਂ ਸੀਮਾਵਾਂ ਕਾਰਨ ਬਾਸਮਤੀ ਚਾਵਲ ਦੀ ਬਰਾਮਦ ਨੂੰ ਕਮਜੋਰ ਕਰਨ ਨਾਲ ਕਿਸਾਨੀ ਨੂੰ ਭਾਰੀ ਨੁਕਸਾਨ ਕਰੇਗਾ| ਇਸ ਤੋਂ ਇਲਾਵਾ ਅਗੇਤੀ ਲੁਆਈ ਵਾਲੇ ਝੋਨੇ ਵਿੱਚ ਝੋਨੇ ਦੀ ਝੂਠੀ ਕਾਂਗਿਆਰੀ ਅਤੇ ਤਣ੍ਹੇ ਦੁਆਲੇ ਪੱਤੇ ਦੇ ਝੁਲਸ ਰੋਗਦਾ ਹਮਲਾ ਵੀ ਵਧੇਰੇ ਹੁੰਦਾ ਹੈ|

ਡਾ. ਮਾਂਗਟ ਨੇ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਪੀ ਆਰ 126 ਦੀ 25-30 ਦਿਨਾਂ ਦੀ ਪਨੀਰੀ ਦੀ ਲੁਆਈ 25 ਜੂਨ ਤੋ 10 ਜੁਲਾਈ ਦਰਮਿਆਨ ਕਰਨ ਅਤੇ ਬਾਕੀ ਕਿਸਮਾਂ ਦੀ 30-35 ਦਿਨਾਂ ਦੀ ਪਨੀਰੀ ਦੀ ਲੁਆਈ 20 ਜੂਨ ਤੋ ਬਾਅਦ ਕਰਨ|