ਪਟਿਆਲਾ : ਰਾਜਪੁਰਾ ਇਲਾਕੇ ਵਿੱਚ ਦਿਨ ਦਿਹਾੜੇ ਇੱਕ ਆਟੋ ਡਰਾਇਵਰ ‘ਤੇ ਇੱਕ ਔਰਤ ਨੂੰ ਮਦਦ ਦੇ ਬਹਾਨੇ ਨਸ਼ੀਲੀਆਂ ਗੋਲੀਆਂ ਖਵਾਉਣ ਅਤੇ ਜਬਰ ਜਨਾਹ ਦਾ ਇਲਜ਼ਾਮ ਲੱਗਿਆ ਹੈ । 37 ਸਾਲ ਦੀ ਔਰਤ 25 ਜੁਲਾਈ ਨੂੰ ਆਟੋ ਵਿੱਚ ਸਵਾਰ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕਰਕੇ ਆਟੋ ਡਰਾਇਵਰ ਫਰਾਰ ਹੋ ਗਿਆ । ਔਰਤ ਸੜਕ ‘ਤੇ ਬੇਸੁੱਧ ਮਿਲੀ ਅਤੇ ਹਸਪਤਾਲ ਵਿੱਚ ਆਉਣ ਤੋਂ ਬਾਅਦ ਹੁਣ ਉਸ ਨੇ ਆਪਣੇ ਬਿਆਨ ਪੁਲਿਸ ਨੂੰ ਦਰਜ ਕੀਤੇ ਹਨ । ਸਿਟੀ ਰਾਜਪੁਰਾ ਪੁਲਿਸ ਨੇ ਔਰਤ ਦੇ ਬਿਆਨਾਂ ਦੇ ਅਧਾਰ ‘ਤੇ ਆਟੋ ਡਰਾਇਵਰ ਮਖਨ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਆਟੋ ਡਰਾਇਵਰ ਦਾ ਟਿਕਾਣਾ ਫਿਲਹਾਲ ਪੁਲਿਸ ਨੂੰ ਨਹੀਂ ਮਿਲਿਆ ਹੈ ।
ਸਿਰਦਰਦ ਦੇ ਬਹਾਨੇ ਨਸ਼ੀਲੀ ਗੋਲੀਆਂ ਦਿੱਤੀਆਂ
ਪੀੜਤ ਔਰਤ ਦੇ ਮੁਤਾਬਿਕ ਉਹ 37 ਸਾਲ ਦੀ ਹੈ ਅਤੇ ਉਸ ਦਾ ਵਿਆਹ ਹੋ ਚੁੱਕਿਆ ਹੈ ਅਤੇ 10 ਸਾਲ ਬੱਚਾ ਵੀ ਹੈ । 25 ਜੁਲਾਈ ਦੀ ਸਵੇਰ 10 ਵਜੇ ਉਹ ਰੇਲਵੇ ਫਾਟਕ ਰਾਜਪੁਰਾ ਤੋਂ ਪੈਦਲ ਜਾ ਰਹੀ ਸੀ । ਉਸੇ ਵੇਲੇ ਮੁਲਜ਼ਮ ਆਟੋ ਡਰਾਇਵਰ ਨੇ ਉਸ ਨੂੰ ਸਵਾਰੀਆਂ ਦੇ ਤੌਰ ‘ਤੇ ਬਿਠਾਇਆ। ਰਸਤੇ ਵਿੱਚ ਸਿਰਦਰਦ ਹੋਣ ‘ਤੇ ਗੋਲੀ ਦੇਣ ਦੇ ਬਹਾਨੇ ਉਸ ਨੂੰ ਨਸ਼ੀਲੀ ਗੋਲੀਆਂ ਜ਼ਬਰਦਸਤੀ ਖਵਾਇਆ । ਔਰਤ ਦੇ ਮੁਤਾਬਿਕ ਮੁਲਜ਼ਮ ਨੇ ਕੋਲਡ ਡ੍ਰਿੰਕ ਦੀ ਬੋਤਲ ਜ਼ਬਰਨ ਉਸ ਨੂੰ ਦਿੱਤੀ,ਜਿਸ ਦੇ ਬਾਅਦ ਉਹ ਬੇਸੁੱਧ ਹੋ ਗਈ ਅਤੇ ਉਸ ਨੂੰ ਸੁਨਸਾਨ ਥਾਂ ਲੈ ਗਿਆ ਅਤੇ ਜ਼ਬਰਜਨਾਹ ਕੀਤਾ। ਫਿਰ ਉਸ ਨੂੰ ਸੁੱਟ ਕੇ ਫਰਾਰ ਹੋ ਗਿਆ। ਔਰਤ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ । ਜਿੱਥੋਂ ਪੁਲਿਸ ਦੇ ਕੋਲ ਮਾਮਲਾ ਪਹੁੰਚਿਆ ।
CCTV ਦੇ ਜ਼ਰੀਏ ਮੁਲਜ਼ਮ ਦੀ ਪਛਾਣ-SHO
ਹੋਸ਼ ਵਿੱਚ ਆਉਣ ਦੇ ਬਾਅਦ ਔਰਤ ਨੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ । ਪਰ ਉਸ ਨੂੰ ਆਟੋ ਡਰਾਇਵਰ ਦੇ ਨਾਂ ਦੇ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਹੈ । ਸਿਟੀ ਰਾਜਪੁਰਾ SHO ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਔਰਤ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਬਿਆਨ ਦਿੱਤਾ ਹੈ । ਮੁਲਜ਼ਮ ਦੀ ਪਛਾਣ ਦੇ ਲਈ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ । ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।