ਪਟਿਆਲਾ: ਪਟਿਆਲਾ ’ਚ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ’ਤੇ ਪਿਸਤੌਲ ਨਾਲ ਰੀਲ ਬਣਾਉਣੀ ਮਹਿੰਗੀ ਪੈ ਗਈ। ਰੀਲ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਦਾ ਨੋਟਿਸ ਲਿਆ, ਜਿਸ ਤੋਂ ਬਾਅਦ ਪਟਿਆਲਾ ਦੇ ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸਦਰ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਜਗਸੀਰ ਖ਼ਾਨ ਪਿੰਡ ਝੰਡੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਨੌਜਵਾਨ ਨੇ ਰੀਲ ਨੂੰ ਆਪਣੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਅਕਾਊਂਟ ’ਤੇ ਪੋਸਟ ਕੀਤੀ ਸੀ। ਜਿਸ ਵਿੱਚ ਉਸ ਨੇ ਦੋਵਾਂ ਹੱਥਾਂ ਵਿੱਚ ਦੋ ਪਿਸਤੌਲ ਫੜੇ ਹੋਏ ਸਨ। ਇਸ ਰੀਲ ਦੇ ਨਾਲ ਨੌਜਵਾਨ ਨੇ ਇੱਕ ਗੀਤ ਲਾਇਆ ਸੀ- ਹੋਵੇ ਜਿਗਰਾ ਜੇ ਅਸਲਾ ਚਲਾਉਣ ਦਾ, ਵੇ ਡੱਬ ਵਿੱਚੋਂ ਤਾਂ ਕੱਢੀਏ…।
ਵੀਡੀਓ ਵਾਇਰਲ ਹੋਣ ਤੋਂ ਬਾਅਦ ਘਰੋਂ ਚੁੱਕਿਆ ਨੌਜਵਾਨ
ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਪੁਲਿਸ ਦੀ ਇਸ ’ਤੇ ਨਜ਼ਰ ਪੈ ਗਈ। ਪੁਲਿਸ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨੌਜਵਾਨ ਕਾਲਜ ਵਿੱਚ ਪੜ੍ਹਦਾ ਹੈ। ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ।
ਬਿਨਾਂ ਲਾਇਸੈਂਸ ਤੋਂ ਹਥਿਆਰ ਲੈ ਕੇ ਘੁੰਮ ਰਿਹਾ ਸੀ ਨੌਜਵਾਨ
ਜਦੋਂ ਜਾਂਚ ਅੱਗੇ ਵਧੀ ਤਾਂ ਪੁਲਿਸ ਨੇ ਨੌਜਵਾਨ ਜਗਸੀਰ ਸਿੰਘ ਤੋਂ ਅਸਲਾ ਲਾਇਸੈਂਸ ਦੀ ਮੰਗ ਕੀਤੀ, ਪਰ ਨੌਜਵਾਨ ਅਸਲਾ ਲਾਇਸੈਂਸ ਦਿਖਾਉਣ ਵਿੱਚ ਅਸਫਲ ਰਿਹਾ। ਪੁਲਿਸ ਨੇ ਬੀਐਨਐਸ ਦੇ ਨਵੇਂ ਨਿਯਮਾਂ ਦੀ ਧਾਰਾ 30 ਤਹਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦਿਖਾਏ ਗਏ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।