ਬਿਊਰੋ ਰਿਪੋਰਟ : ਪਠਾਨਕੋਟ ਦੇ ਸਿਯੋਂਟੀ ਪਿੰਡ ਦੇ ਨੌਜਵਾਨ ਕਰਨ ਸਿੰਘ ਬੇਲਾਰੂਸ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ । ਕਰਨ ਦਾ ਅਖੀਰਲੀ ਵਾਰ 15 ਮਾਰਚ ਨੂੰ ਆਪਣੇ ਪਰਿਵਾਰ ਦੇ ਨਾਲ ਸੰਪਰਕ ਹੋਇਆ ਸੀ,ਪਰੇਸ਼ਾਨ ਮਾਪਿਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਈ ਵਾਰ ਮਦਦ ਕਰਨ ਦੀ ਅਪੀਲ ਕੀਤੀ ਹੈ ਪਰ ਹੁਣ ਤੱਕ ਕਿਸੇ ਨੇ ਹੱਥ ਨਹੀਂ ਫੜਾਇਆ ਹੈ । ਕਰਨ ਸਿੰਘ ਦੇ ਪਿਤਾ ਰਘੁਨਾਥ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 3 ਬੱਚੇ ਹਨ ਜਿਸ ਵਿੱਚ ਵੱਡਾ ਪੁੱਤਰ ਕਰਨ ਸਿੰਘ ਸਪੇਨ ਜਾਣ ਦੇ ਲਈ ਪ੍ਰਾਈਵੇਟ ਏਜੰਟ ਨੂੰ ਮਿਲਿਆ ਸੀ । ਏਜੰਟ ਨੇ ਉਨ੍ਹਾਂ ਤੋਂ 14 ਲੱਖ ਦੀ ਮੰਗ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਸਿੱਧੇ ਰਸਤੇ ਸਪੇਨ ਭੇਜਿਆ ਜਾਵੇਗਾ ।
ਰੂਸ ਭੇਜਣ ਦੀ ਥਾਂ ਕਈ ਦਿਨ ਦੁਬਈ ਵਿੱਚ ਰੱਖਿਆ
ਪਿਤਾ ਰਘੁਨਾਥ ਦੇ ਮੁਤਾਬਿਕ ਕਰਨ 10 ਜਨਵਰੀ ਨੂੰ ਸਪੇਨ ਦੀ ਫਲਾਈਟ ਦੇ ਲਈ ਦਿੱਲੀ ਹਵਾਈ ਅੱਡੇ ਪਹੁੰਚਿਆ, ਪਰ ਏਜੰਟ ਨੇ ਕਰਨ ਸਿੰਘ ਅਤੇ ਹੋਰ ਨੌਜਵਾਨਾਂ ਨੂੰ ਦੁਬਈ ਉਤਾਰ ਲਿਆ । ਕੁਝ ਦਿਨ ਦੁਬਈ ਰਹਿਣ ਦੇ ਬਾਅਦ ਦਿੱਲੀ ਵਾਪਸ ਲੈ ਆਏ,ਜਿੱਥੋ ਉਨ੍ਹਾਂ ਨੂੰ ਬੱਸ ਦੇ ਜ਼ਰੀਏ ਲਖਨਊ ਭੇਜ ਦਿੱਤਾ ਗਿਆ । ਫਿਰ ਲਖਨਿਊ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਰੂਸ ਭੇਜਿਆ ਗਿਆ।
4 ਦਿਨ ਤੋਂ ਬਿਨਾਂ ਖਾਦੇ ਜੰਗਲ ਵਿੱਚ ਭਟਕ ਰਹੇ ਹਨ
ਪਿਤਾ ਨੇ ਦੱਸਿਆ ਕਿ ਰੂਸ ਵਿੱਚ ਸਾਰੇ ਨੌਜਵਾਨ ਨੂੰ ਇੱਕ ਟੈਕਸੀ ਵਿੱਚ ਬਿਠਾ ਕੇ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ । ਜਿੱਥੇ ਉਹ ਕਈ ਦਿਨਾਂ ਤੱਕ ਭਟਕ ਦੇ ਰਹੇ । 15 ਮਾਰਚ 2023 ਨੂੰ ਪਰਿਵਾਰ ਨੂੰ ਕਰਨ ਦਾ ਫੋਨ ਆਇਆ,ਇਸ ਦੌਰਾਨ ਉਸ ਨੇ ਦੱਸਿਆ ਕਿ 4 ਦਿਨਾਂ ਤੋਂ ਕੁਝ ਨਹੀਂ ਖਾਦਾ ਹੈ ਅਤੇ ਭਟਕ ਰਹੇ ਹਾਂ ਸਾਨੂੰ ਬਚਾ ਲਓ,ਇਸ ਤੋਂ ਬਾਅਦ ਫਿਰ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
ਨਾਲ ਗਏ ਨੌਜਵਾਨਾਂ ਨੂੰ ਪੁਲਿਸ ਨੇ ਫੜ ਲਿਆ
ਕਰਨ ਦੇ ਨਾਲ ਉਸੇ ਦੇ ਪਿੰਡ ਦੇ ਨੌਜਵਾਨ ਨੂੰ ਸੁਰੱਖਿਆ ਅਧਿਕਾਰੀਆਂ ਨੇ ਫੜ ਕੇ ਇੱਕ ਕੈਂਪ ਵਿੱਚ ਰੱਖਿਆ । ਪਰ ਕਰਨ ਦੇ ਬਾਰੇ ਹੁਣ ਤੱਕ ਕੋਈ ਖਬਰ ਨਹੀਂ ਹੈ । ਕਰਨ ਦੇ ਪਿਤਾ ਰਘੁਨਾਥ ਸਿੰਘ ਨੇ ਦੱਸਿਆ ਕਿ ਦੂਜੇ ਮੁੰਡਿਆਂ ਤੋਂ ਪਤਾ ਚੱਲਿਆ ਹੈ ਕਿ ਬੇਲਾਰੂਸ ਦੇ ਜੰਗਲ ਵਿੱਚ ਕਾਰਨ ਉਸ ਤੋਂ ਵਿਛੜ ਗਿਆ ਸੀ । ਪਿਤਾ ਦੀ ਅਪੀਲ ਹੈ ਕਿ ਕਰਨ ਦੀ ਤਲਾਸ਼ ਕਰਕੇ ਵਾਪਸ ਲਿਆਇਆ ਜਾਵੇਂ ।