India International

‘ਆਪ੍ਰੇਸ਼ਨ ਕਾਵੇਰੀ’ ਤਹਿਤ ਸੂਡਾਨ ਤੋਂ ਲਿਆਂਦੇ 117 ਭਾਰਤੀਆਂ ਨੂੰ ਕੀਤਾ ਗਿਆ ਕੁਆਰੰਟੀਨ

ਦਿੱਲੀ : ਸੂਡਾਨ ਵਿੱਚ ਚੱਲ ਰਹੇ ਘਰੇਲੂ ਯੁੱਧ ਦੌਰਾਨ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਕਾਵੇਰੀ ਚਲਾਇਆ ਜਾ ਰਿਹਾ ਹੈ। ਆਪਰੇਸ਼ਨ ਕਾਵੇਰੀ ਦੇ ਤਹਿਤ, ਜੰਗ ਪ੍ਰਭਾਵਿਤ ਸੂਡਾਨ ਤੋਂ ਭਾਰਤੀ ਯਾਤਰੀਆਂ ਦੀ ਵਾਪਸੀ ਦੀ ਪ੍ਰਕਿਰਿਆ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਸੂਡਾਨ ਤੋਂ ਸੁਰੱਖਿਅਤ ਭਾਰਤ ਪਹੁੰਚਣ ਵਾਲੇ 1191 ਭਾਰਤੀਆਂ ਵਿੱਚੋਂ 117 ਅਜਿਹੇ ਹਨ,ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸੂਡਾਨ ਤੋਂ ਪਰਤੇ ਇਨ੍ਹਾਂ 117 ਯਾਤਰੀਆਂ ਨੂੰ ਪੀਲੇ ਬੁਖਾਰ ਦੀ ਵੈਕਸੀਨ ਨਹੀਂ ਲੱਗੀ ਸੀ। ਅਜਿਹੇ ‘ਚ ਸਰਕਾਰ ਨੇ ਸਾਵਧਾਨੀ ਦੇ ਉਪਾਅ ਕਰਦੇ ਹੋਏ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਨੂੰ ਸੱਤ ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਜੇਕਰ ਸਭ ਕੁਝ ਠੀਕ ਰਹਿੰਦਾ ਹੈ ਅਤੇ ਉਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਸਰਕਾਰ ਵੱਲੋਂ ਕੁਆਰੰਟੀਨ ਕੀਤੇ ਗਏ ਯਾਤਰੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਦਲ ਵਿਚਾਲੇ ਸੱਤਾ ਲਈ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਹਾਲਾਂਕਿ, ਦੋਵੇਂ ਧਿਰਾਂ 72 ਘੰਟੇ ਦੀ ਜੰਗਬੰਦੀ ‘ਤੇ ਸਹਿਮਤ ਹੋਣ ਤੋਂ ਬਾਅਦ, ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਆਈਐਨਐਸ ਸੁਮੇਧਾ, ਆਈਐਨਐਸ ਤੇਗ ਅਤੇ ਆਈਐਨਐਸ ਤਰਕਸ਼ ਆਪਰੇਸ਼ਨ ਕਾਵੇਰੀ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਦੋ C130J ਜਹਾਜ਼ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ।

ਇਸ ਦੇ ਨਾਲ ਹੀ ਭਾਰਤ ਨੇ ਸੂਡਾਨ ਦੀ ਸਥਿਤੀ ਨੂੰ ਲੈ ਕੇ ਦਿੱਲੀ ਵਿੱਚ ਚੌਵੀ ਘੰਟੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਨਾਲ ਹੀ ਇੱਕ ਕੰਟਰੋਲ ਰੂਮ ਪੋਰਟ ਸੁਡਾਨ ਵਿੱਚ ਅਤੇ ਦੂਜਾ ਜੇਦਾਹ, ਸਾਊਦੀ ਅਰਬ ਵਿੱਚ ਸਥਾਪਿਤ ਕੀਤਾ ਗਿਆ ਹੈ।