India International Punjab

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਡੇ ਇਲਜ਼ਾਮ ਨੂੰ ਭਾਰਤ ਨੇ ਕੀਤਾ ਖ਼ਾਰਜ, ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ.

Canada's Prime Minister Trudeau's big accusation was rejected by India

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੈਨੇਡੀਅਨ ਪਾਰਲੀਮੈਂਟ ਵਿੱਚ ਬੋਲਦਿਆਂ ਟਰੂਡੋ ਨੇ ਭਾਰਤ ਸਰਕਾਰ ‘ਤੇ ਸਿੱਖ ਆਗੂ ਨਿੱਝਰ ਦੇ ਕਤਲ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ।

ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਨੂੰ ਦੱਸਿਆ ਕਿ ਭਾਰਤੀ ਸਰਕਾਰੀ ਏਜੰਟਾਂ ਨੇ ਜੂਨ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਸੀ। ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿੱਚ ਹੋਈ ਜੀ-20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਅਜਿਹੇ ਦੋਸ਼ ਲਗਾ ਰਹੇ ਹਨ।

ਖਬਰ ਮੁਤਾਬਕ ਟਰੂਡੋ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ‘ਚ ਕਿਸੇ ਵੀ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣਗੇ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਭਾਰਤੀ ਮੂਲ ਦੇ ਸਿੱਖਾਂ ਦੀ ਵੱਡੀ ਆਬਾਦੀ ਵਿੱਚ ਇਸ ਮਾਮਲੇ ਕਾਰਨ ਰੋਸ ਹੈ। ਬਹੁਤ ਸਾਰੇ ਸਿੱਖ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਵਿੱਚ ਭਾਰਤੀ ਮੂਲ ਦੇ 14 ਤੋਂ 18 ਲੱਖ ਨਾਗਰਿਕ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਿੱਖ ਹਨ। ਕੈਨੇਡਾ ਦੀ ਵਿਰੋਧੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵੀ ਸਿੱਖ ਭਾਈਚਾਰੇ ਵਿੱਚੋਂ ਹਨ।

ਭਾਰਤੀ ਡਿਪਲੋਮੈਟ ਨੂੰ ਕੀਤਾ ‘ਡਿਪੋਰਟ’

ਇਸ ਦੇ ਨਾਲ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਇੱਕ ਭਾਰਤੀ ਡਿਪਲੋਮੈਟ ਨੂੰ ‘ਡਿਪੋਰਟ’ ਕਰ ਦਿੱਤਾ ਹੈ। ਇਹ ਕੈਨੇਡਾ ਵਿੱਚ ਭਾਰਤੀ ਖ਼ੁਫ਼ੀਆ ਏਜੰਸੀ ਦਾ ਮੁਖੀ ਸੀ। ਹਾਲਾਂਕਿ ਜੌਲੀ ਨੇ ਇਸ ਡਿਪਲੋਮੈਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਧਰ ਭਾਰਤ ਸਰਕਾਰ ਨੇ ਵੀ ਇਸ ਦੇ  ਜਵਾਬ ਵਿੱਚ ਕੈਨੇਡਾ ਦੇ ਹਾਈਕਮਿਸ਼ਨ ਨੂੰ ਤਲਬ ਕਰਦੇ ਹੋਏ ਭਾਰਤ ਵਿੱਚ ਕੈਨੇਡਾ ਦੇ ਸੀਨੀਅਰ ਡਿਪਲੋਮੈਟ ਨੂੰ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਹੈ  । ਭਾਰਤ ਸਰਕਾਰ ਨੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਲਈ 5 ਦਿਨਾਂ ਦਾ ਸਮਾਂ ਦਿੱਤਾ ਹੈ।

ਕੌਣ ਹੈ ਕੈਨੇਡਾ ਵੱਲੋਂ ਡਿਪੋਰਟ ਕੀਤਾ ਗਿਆ ਅਧਿਕਾਰੀ ?

ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਕੈਨੇਡਾ ਸਰਕਾਰ ਨੇ ਜਿਸ ਭਾਰਤੀ ਅਧਿਕਾਰੀ ਨੂੰ ਦੇਸ਼ ਤੋਂ ਬਾਹਰ ਕੱਢਿਆ ਹੈ ਉਸ ਦਾ ਨਾਂ ਹੈ ਪਵਨ ਕੁਮਾਰ ਰਾਏ। ਉਹ 1997 IPS ਬੈੱਚ ਦੇ ਪੰਜਾਬ ਕੈਡਰ ਦਾ ਅਧਿਕਾਰੀ ਹੈ । 2010 ਵਿੱਚ ਪਵਨ ਕੁਮਾਰ ਰਾਏ ਨੂੰ ਕੇਂਦਰ ਵਿੱਚ ਡੈਪੋਟੇਸ਼ਨ ‘ਤੇ ਭੇਜਿਆ ਗਿਆ ਸੀ । ਰਾਏ ਕੈਨੇਡਾ ਵਿੱਚ ਭਾਰਤੀ ਖੁਫਿਆ ਏਜੰਸੀ RAW ਯਾਨੀ Research and Analysis Wing ਦਾ ਸਟੇਸ਼ਨ ਚੀਫ ਸੀ । ਕੈਨੇਡਾ ਨੇ ਇਲਜ਼ਾਮ ਲਗਾਇਆ ਹੈ ਕਿ ਰਾਏ ਦੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਅਹਿਮ ਲਿੰਕ ਸਾਹਮਣੇ ਆਏ ਹਨ । ਰਾਏ ਦੇ ਨਜ਼ਦੀਕੀ ਅਫਸਰਾ ਦਾ ਕਹਿਣਾ ਹੈ ਕਿ ਪਵਨ ਕੁਮਾਰ ਰਾਏ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ SSP ਵੀ ਰਿਹਾ ਹੈ । ਉਹ 2009 ਤੋਂ 2010 ਤੱਕ ਤਰਨਤਾਰਨ ਦਾ ਐੱਸਐੱਸਪੀ ਰਿਹਾ,ਉਸ ਨੇ ਡਰੱਗ ਨੂੰ ਲੈਕੇ ਕਾਫੀ ਕੰਮ ਕੀਤਾ । 53 ਸਾਲ ਦੇ IPS ਅਫਸਰ ਪੰਜਾਬ ਅਤੇ ਜਲੰਦਰ ਦੇ SSP ਵੀ ਰਹੇ । ਸਿਆਸੀ ਦਬਾਅ ਦੀ ਵਜ੍ਹਾ ਕਰਕੇ ਰਾਏ ਨੇ 2010 ਵਿੱਚ ਕੇਂਦਰ ਦੀ ਡੈਪੂਟੇਸ਼ਨ ਨੂੰ ਚੁਣਿਆ ਸੀ ।ਜਿੰਨਾਂ 7 IPS ਅਫਸਰਾਂ ਨੂੰ ਪੰਜਾਬ ਸਰਕਾਰ ਨੇ 31 ਜਨਵਰੀ ਨੂੰ ਪਰਮੋਟ ਕੀਤਾ ਸੀ ਉਸ ਵਿੱਚ ਰਾਏ ਦਾ ਨਾਂ ਵੀ ਸ਼ਾਮਲ ਸੀ । ਉਨ੍ਹਾਂ ਨੂੰ ADGP ਬਣਾਇਆ ਗਿਆ ਸੀ । ਪਵਨ ਕੁਮਾਰ ਰਾਏ RAW ਦੇ ਸਾਬਕਾ ਚੀਫ ਅਤੇ ਪੰਜਾਬ ਦੇ IPS ਅਫਸਰ ਸਮੰਤ ਕੁਮਾਰ ਗੋਇਲ ਦੇ ਨਜ਼ਦੀਕੀ ਮੰਨੇ ਜਾਂਦੇ ਹਨ । ਰਾਏ ਨੂੰ RAW ਵਿੱਚ ਡੈਪੂਟੇਸ਼ਨ 2018 ਵਿੱਚ ਮਿਲੀ ਸੀ । ਇਸੇ ਸਾਲ ਹੀ ਰਾਏ ਨੂੰ ਵਿਦੇਸ਼ ਮੰਤਰਾਲੇ ਵੱਲੋਂ ਜੁਆਇੰਡ ਸਕੱਤਰ ਦਾ ਅਹੁਦਾ ਮਿਲਿਆ ਸੀ ।

ਕੈਨੇਡਾ ਦੀ ਆਜ਼ਾਦੀ ‘ਤੇ ਹਮਲਾ : ਜਗਮੀਤ ਸਿੰਘ

ਕੈਨੇਡਾ ਦੀ ਵਿਰੋਧੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਦੇ ਹੱਥ ਬਾਰੇ ਹੋਏ ਖ਼ੁਲਾਸੇ ‘ਤੇ ਬੋਲਦਿਆਂ ਇਸ ਨੂੰ ਕੈਨੇਡਾ ਦੀ ਆਜ਼ਾਦੀ ‘ਤੇ ਹਮਲਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੈਨੇਡਾ ‘ਚ ਰਹਿੰਦੇ ਲੋਕਾਂ ਅਤੇ ਪੀੜਤ ਪਰਿਵਾਰ ਦੇ ਨਾਲ ਹਾਂ।

ਜਗਮੀਤ ਨੇ ਕਿਹਾ ਕਿ ਭਾਰਤ ਸਰਕਾਰ ਬਹੁਤ ਜ਼ੁਲਮ ਕਰਦੀ ਹੈ ਅਤੇ ਉਨ੍ਹਾਂ ਨੂੰ ਇਹ ਕਦੇ ਵੀ ਇਹ ਨਹੀਂ ਲੱਗਦਾ ਸੀ ਕਿ ਕੈਨੇਡਾ ਆ ਕੇ ਉਹ ਸਾਡੇ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਜਾਂਦਾ ਉਹ ਪਿੱਛੇ ਨਹੀਂ ਹਟਣਗੇ।

ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਦੀ ਜਨਤਕ ਜਾਂਚ “ਤੁਰੰਤ ਹੋਵੋ – ਬੀ.ਸੀ. ਸਿੱਖ ਗੁਰਦੁਆਰਾ ਕੌਂਸਲ

ਬੀ.ਸੀ. ਸਿੱਖ ਗੁਰਦੁਆਰਾ ਕੌਂਸਲ ਨੇ ਇਸ ਮਾਮਲੇ ਵਿੱਚ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਈ ਹਰਦੀਪ ਸਿੰਘ ਨਿੱਝਰ ਦੇ ਸਿਆਸੀ ਕਤਲ ਵਿੱਚ ਭਾਰਤ ਦੀ ਭੂਮਿਕਾ ਲਈ ਕੈਨੇਡਾ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬੀ.ਸੀ. ਸਿੱਖ ਗੁਰਦੁਆਰਾ ਕੌਂਸਲ ਦੇ ਬੁਲਾਰੇ ਮੋਹਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ, ” ਅਸਲ ਵਿੱਚ ਜੇਕਰ ਕੈਨੇਡਾ ਇਹ ਐਲਾਨ ਕਰ ਰਿਹਾ ਹੈ ਕਿ ਭਾਰਤ ਇਸ ਮਾਮਲੇ ਵਿੱਚ ਇੱਕ ਅਸਲ ਅਭਿਨੇਤਾ ਹੈ, ਤਾਂ ਮੈਨੂੰ ਲਗਦਾ ਹੈ ਕਿ ਇਹ ਸਵੀਕਾਰ ਕਰਨ ਨਾਲ ਨਿਆਂ ਵੱਲ ਪਹਿਲਾ ਕਦਮ ਹੈ, ਪਰ ਜਦੋਂ ਤੱਕ ਅਸੀਂ ਅਸਲ ਵਿੱਚ ਲੋਕਾਂ ਨੂੰ ਸਲਾਖ਼ਾਂ ਦੇ ਪਿੱਛੇ ਨਹੀਂ ਵੇਖਦੇ … ਉਦੋਂ ਤੱਕ ਮੈਨੂੰ ਲਗਦਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਸ਼ੱਕੀ ਹੀ ਰਹੇਗਾ ਕਿ ਅਸਲ ਵਿੱਚ ਕੁਝ ਹੋਣ ਵਾਲਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਦਖ਼ਲਅੰਦਾਜ਼ੀ ਦੀ ਜਨਤਕ ਜਾਂਚ “ਤੁਰੰਤ ਹੋਣ ਦੀ ਲੋੜ ਹੈ।”

ਭਾਰਤ ਸਰਕਾਰ ਨੇ ਕੈਨੇਡਾ ਪੀਐੱਮ ਦੇ ਦੋਸ ਨੂੰ ਕੀਤਾ ਖ਼ਾਰਜ

ਭਾਰਤ ਨੇ ਕੈਨੇਡਾ ਵੱਲੋਂ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਲਾਏ ਦੋਸ਼ ਖ਼ਾਰਜ ਕਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੀ ਸੰਸਦ ਵਿਚ ਦਿੱਤੇ ਬਿਆਨ ਨੂੰ ਵੇਖਿਆ ਹੈ ਤੇ ਅਸੀਂ ਇਸ ਬੇਤੁਕੇ ਦੋਸ਼ ਨੂੰ ਖ਼ਾਰਜ ਕਰਦੇ ਹਾਂ। ਅਸੀਂ ਇਕ ਲੋਕਤੰਤਰੀ ਸਿਆਸਤ ਵਾਲਾ ਮੁਲਕ ਹਾਂ ਤੇ ਕਾਨੂੰਨ ਦੇ ਰਾਜ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ਾਂ ਕਰਦੇ ਹਨ, ਜਿਨ੍ਹਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਬਣਦੇ ਹਨ। ਇਸ ਮੁੱਦੇ ‘ਤੇ ਕੈਨੇਡੀਅਨ ਸਰਕਾਰ ਦੀ ਅਯੋਗਤਾ ਲੰਬੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ।

ਕੈਨੇਡੀਅਨ ਸਿਆਸੀ ਸ਼ਖ਼ਸੀਅਤਾਂ ਵੱਲੋਂ ਅਜਿਹੇ ਅਨਸਰਾਂ ਪ੍ਰਤੀ ਖੁੱਲ੍ਹ ਕੇ ਹਮਦਰਦੀ ਦਾ ਪ੍ਰਗਟਾਵਾ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਕੈਨੇਡਾ ਦਾ ਧਿਆਨ ਨਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਅਜਿਹੇ ਘਟਨਾਕ੍ਰਮ ਨਾਲ ਭਾਰਤ ਸਰਕਾਰ ਨੂੰ ਜੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰੇ।

ਇਲਜ਼ਾਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਨ ਦੀ ਸੰਭਾਵਨਾ

ਕੈਨੇਡਾ ਅਤੇ ਭਾਰਤ ਦੇ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ਕੈਨੇਡੀਅਨ ਪੀ ਐੱਮ ਦੇ ਇਸ ਇਲਜ਼ਾਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਨ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਨੇ ਭਾਰਤ ਨਾਲ ਵਪਾਰਕ ਸੌਦੇ ਬਾਰੇ ਗੱਲਬਾਤ ਰੋਕ ਦਿੱਤੀ ਸੀ। ਇਸ ਦੇ ਨਾਲ ਹੀ, ਜੀ-20 ਦੌਰਾਨ, ਪੀ ਐੱਮ ਮੋਦੀ ਨੇ ਜਸਟਿਨ ਟਰੂਡੋ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਨਾਲ ਕੀ ਹੋਇਆ ਸੀ?

ਦੱਸ ਦੇਈਏ ਕਿ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ 45 ਸਾਲਾ ਹਰਦੀਪ ਸਿੰਘ ਨਿੱਝਰ ਦਾ 18 ਜੂਨ ਦੀ ਸ਼ਾਮ ਨੂੰ ਵੈਨਕੂਵਰ ਦੇ ਉਪਨਗਰ, ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਨਿੱਝਰ ਨੇ ਇੱਕ ਸੁਤੰਤਰ ਖਾਲਿਸਤਾਨੀ ਰਾਜ ਦੇ ਰੂਪ ਵਿੱਚ ਇੱਕ ਸਿੱਖ ਹੋਮਲੈਂਡ ਦਾ ਸਮਰਥਨ ਕੀਤਾ ਅਤੇ ਭਾਰਤ ਵੱਲੋਂ ਜੁਲਾਈ 2020 ਵਿੱਚ ਉਸ ਨੂੰ ਇੱਕ “ਅੱਤਵਾਦੀ” ਵਜੋਂ ਨਾਮਜ਼ਦ ਕੀਤਾ ਗਿਆ ਸੀ। ਨਿੱਝਰ ਦੇ ਸਿਰ ‘ਤੇ ਭਾਰਤ ਸਰਕਾਰ ਨੇ 10 ਲੱਖ ਦਾ ਇਨਾਮ ਰੱਖਿਆ ਸੀ। ਕੌਮੀ ਜਾਂਚ ਏਜੰਸੀ (NIA) ਨੇ ਹਾਲ ਹੀ ਵਿੱਚ ਜਾਰੀ 40 ਲੋਕਾਂ ਦੀ ਸੂਚੀ ਵਿੱਚ ਨਿੱਝਰ ਦਾ ਨਾਂ ਵੀ ਸ਼ਾਮਲ ਸੀ । NIA ਨੇ ਨਿੱਝਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਅਤੇ ਉਸ ਨੂੰ ਭਗੌੜਾ ਵੀ ਕਰਾਰ ਦਿੱਤਾ ਸੀ