ਪਠਾਨਕੋਟ : ਕਰਜ਼ਾ ਪੰਜਾਬ ਦੀ ਕਿਸਾਨੀ ਲਈ ਅੱਜ ਇੱਕ ਵੱਡਾ ਮਸਲਾ ਹੈ। ਕਈਆਂ ਨੇ ਤਾਂ ਇਸ ਤੋਂ ਪਰੇਸ਼ਾਨ ਹੋ ਕੇ ਆਪਣੀ ਕੀਮਤ ਜਾਨ ਵੀ ਗਵਾ ਲਈ ਹੈ। ਪਰ ਦੂਜੇ ਪਾਸੇ ਕਈ ਕਿਸਾਨ ਹਿੰਮਤ ਨਹੀਂ ਹਾਰਦੇ ਤੇ ਦੂਜਿਆਂ ਲਈ ਰਾਹ ਦਸੇਰਾ ਬਣ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਅਖਵਾਣਾ ਦਾ ਕਿਸਾਨ ਜਸਪਾਲ ਸਿੰਘ ਹੈ।
ਦੂਜੇ ਕਿਸਾਨਾਂ ਵਾਂਗ ਆਰਥਿਕ ਨੁਕਸਾਨ ਕਾਰਨ ਜਸਪਾਲ ਸਿੰਘ ਵੀ ਲੱਖਾਂ ਦਾ ਕਰਜ਼ਦਾਰ ਹੋ ਗਿਆ ਸੀ ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਅੱਜ ਉਹ ਨਾ ਸਿਰਫ਼ ਘਰ ਬੈਠਿਆ ਲੱਖਾਂ ਰੁਪਏ ਕਮਾ ਰਿਹਾ ਹੈ, ਸਗੋਂ ਲੱਖਾਂ ਦੇ ਕਰਜੇ ਤੋਂ ਵੀ ਛੁਟਕਾਰਾ ਪਾ ਗਿਆ ਹੈ।
ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਅਖਵਾਣਾ ਦੇ ਵਸਨੀਕ ਜਸਪਾਲ ਸਿੰਘ ਨੇ ਖੁੰਬਾਂ ਦੀ ਖੇਤੀ ਸ਼ੁਰੂ ਕੀਤੀ, ਜਿਸ ਦੀ ਬਦੌਲਤ ਉਹ ਅੱਜ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਨੇ ਕਰੀਬ 4 ਸਾਲ ਪਹਿਲਾਂ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ, ਹਾਲਾਂਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਹੌਲੀ-ਹੌਲੀ ਜਾਣਕਾਰੀ ਇਕੱਠੀ ਕੀਤੀ ਅਤੇ ਕਾਰੋਬਾਰ ਨੂੰ ਸਥਾਪਿਤ ਕੀਤਾ ਅਤੇ ਅੱਜ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਨ ਲੱਗਾ।
ਜਸਪਾਲ ਦਾ ਕਹਿਣਾ ਹੈ ਕਿ ‘ਮੈਂ 1200 ਥੈਲਿਆਂ ਨਾਲ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਅੱਜ ਮੇਰੇ ਕੋਲ 15 ਤੋਂ 20 ਹਜ਼ਾਰ ਦੇ ਕਰੀਬ ਖੁੰਬਾਂ ਦੀਆਂ ਬੋਰੀਆਂ ਹਨ। ਇੱਕ ਥੈਲੇ ਦੀ ਕੀਮਤ 100 ਰੁਪਏ ਹੈ, ਜਿਸ ਵਿੱਚੋਂ ਅਸੀਂ ਲਗਭਗ 2.5 ਕਿਲੋ ਮਸ਼ਰੂਮ ਕੱਢਦੇ ਹਾਂ। ਬਾਜ਼ਾਰ ਵਿੱਚ ਖੁੰਬਾਂ ਦੀ ਕੀਮਤ 100 ਰੁਪਏ ਤੋਂ ਲੈ ਕੇ 120 ਰੁਪਏ ਪ੍ਰਤੀ ਕਿਲੋ ਤੱਕ ਹੈ। ਜੇਕਰ ਸਿੱਧੀ ਗੱਲ ਕਰੀਏ ਤਾਂ ਇੱਕ ਥੈਲਾ 250 ਤੋਂ 300 ਰੁਪਏ ਤੱਕ ਵਿਕਦਾ ਹੈ ਅਤੇ ਇਹ ਕਾਰੋਬਾਰ 12 ਮਹੀਨਿਆਂ ਤੱਕ ਚੱਲਦਾ ਹੈ।
ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਸ ਦੀ ਜੇਬ ਵਿੱਚ ਇੱਕ ਰੁਪਿਆ ਵੀ ਨਹੀਂ ਹੁੰਦਾ ਸੀ। ਕੁਝ ਜ਼ਮੀਨ ਹੈ, ਜਿਸ ‘ਤੇ ਉਹ ਕਣਕ-ਝੋਨੇ ਦੀ ਖੇਤੀ ਕਰਦਾ ਸੀ, ਪਰ ਕਦੇ ਕੁਦਰਤ ਦੇ ਹਮਲੇ ਕਾਰਨ ਅਤੇ ਕਦੇ ਸਰਕਾਰਾਂ ਦੀ ਮਾਰ ਕਾਰਨ ਉਸ ਨੂੰ ਪ੍ਰੇਸ਼ਾਨ ਰਹਿਣਾ ਪਿਆ। ਮੁਸੀਬਤ ਦੇ ਨਾਲ-ਨਾਲ ਉਹ ਲੱਖਾਂ ਦਾ ਕਰਜ਼ਦਾਰ ਵੀ ਹੋ ਗਿਆ ਪਰ ਅੱਜ ਉਸਦੀ ਜ਼ਿੰਦਗੀ ਬਦਲ ਗਈ ਹੈ।